ਤਾਜਾ ਖਬਰਾਂ
ਅੱਜ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਅਕਾਲੀ ਆਗੂ ਬਿਕਰਮ ਮਜਿਠੀਆ ਨੂੰ ਮੋਹਾਲੀ ਅਦਾਲਤ ਵਿਖੇ ਪੇਸ਼ੀ ਲਈ ਲਿਜਾਇਆ ਗਿਆ। ਇਸ ਮੌਕੇ ਨਾਭਾ ਭਵਾਨੀਗੜ੍ਹ ਸੜਕ 'ਤੇ ਜੇਲ੍ਹ ਦੇ ਬਾਹਰ ਕਵਰੇਜ ਲਈ ਪਹੁੰਚੇ ਨਿੱਜੀ ਚੈਨਲ ਦੇ ਪੱਤਰਕਾਰ ਸੰਜੀਵ ਕੁਮਾਰ ਨੂੰ ਪੁਲਿਸ ਵੱਲੋਂ ਕਵਰੇਜ ਤੋਂ ਰੋਕਿਆ ਗਿਆ। ਇਹ ਵੀ ਆਖਿਆ ਗਿਆ ਕਿ ਐਸਪੀ ਪਲਵਿੰਦਰ ਸਿੰਘ ਚੀਮਾ ਨੇ ਪੱਤਰਕਾਰ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਉਸ ਵਿੱਚੋਂ ਵੀਡੀਓ ਤੇ ਤਸਵੀਰਾਂ ਮਿਟਾ ਦਿੱਤੀਆਂ।
ਇਹ ਘਟਨਾ ਡੀਐਸਪੀ ਨਾਭਾ ਮਨਦੀਪ ਕੌਰ ਦੀ ਮੌਜੂਦਗੀ ਵਿੱਚ ਹੋਈ। ਜਦੋਂ ਪੱਤਰਕਾਰ ਨੇ ਪੁੱਛਿਆ ਕਿ ਕਵਰੇਜ 'ਤੇ ਰੋਕ ਲਗਾਉਣ ਦਾ ਲਿਖਤੀ ਹੁਕਮ ਦਿਖਾਇਆ ਜਾਵੇ, ਤਾਂ ਪੁਲਿਸ ਅਧਿਕਾਰੀਆਂ ਕੋਲ ਕੋਈ ਸਪਸ਼ਟ ਜਵਾਬ ਨਹੀਂ ਸੀ।
ਇਸ ਮਾਮਲੇ ਤੋਂ ਬਾਅਦ ਰਿਆਸਤ ਏ ਪ੍ਰੈੱਸ ਕਲੱਬ ਨਾਭਾ ਵੱਲੋਂ ਇੱਕ ਵਿਸ਼ੇਸ਼ ਬੈਠਕ ਬੁਲਾਈ ਗਈ, ਜਿਸ ਦੀ ਅਗਵਾਈ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਭੂਪਾ ਨੇ ਕੀਤੀ। ਬੈਠਕ ਦੌਰਾਨ ਸਮੂਹ ਪੱਤਰਕਾਰਾਂ ਨੇ ਮੋਬਾਇਲ ਖੋਹਣ ਦੀ ਘਟਨਾ ਦੀ ਨਿੰਦਾ ਕੀਤੀ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਜਦ ਤੱਕ ਮਾਮਲੇ ਦੀ ਜਾਂਚ ਨਹੀਂ ਹੁੰਦੀ, ਉਹ ਪੁਲਿਸ ਪ੍ਰਸ਼ਾਸਨ ਦੇ ਕਿਸੇ ਵੀ ਪ੍ਰੋਗਰਾਮ ਦੀ ਕਵਰੇਜ ਨਹੀਂ ਕਰਨਗੇ।
ਭੂਪਾ ਨੇ ਕਿਹਾ ਕਿ ਅਗਲੇ ਸਮੇਂ ਕਿਸੇ ਵੀ ਅਧਿਕਾਰੀ ਵੱਲੋਂ ਪੱਤਰਕਾਰਾਂ ਨਾਲ ਅਣਉਚਿਤ ਵਰਤਾਰਾ ਕੀਤਾ ਗਿਆ, ਤਾਂ ਭਾਰੀ ਰੋਸ ਪ੍ਰਗਟ ਕੀਤਾ ਜਾਵੇਗਾ।
ਜਦੋਂ ਐਸਪੀ ਪਲਵਿੰਦਰ ਸਿੰਘ ਚੀਮਾ ਤੋਂ ਇਸ ਘਟਨਾ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਦੱਸਿਆ ਕਿ ਫੋਨ ਪੱਤਰਕਾਰ ਦੀ ਮਰਜ਼ੀ ਨਾਲ ਲਿਆ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਮੋਬਾਇਲ ਵਿੱਚੋਂ ਡਾਟਾ ਮਿਟਾਉਣ ਦੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ। ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਨਹੀਂ ਹੈ, ਪਰ ਸੋਮਵਾਰ ਨੂੰ ਉਹ ਇਸ ਬਾਰੇ ਪੁਲਿਸ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ।
Get all latest content delivered to your email a few times a month.