ਤਾਜਾ ਖਬਰਾਂ
ਅੰਮ੍ਰਿਤਸਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਦੇ ਨਾਲ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਅਤੇ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ। ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ ਨੇ ਪਿਛਲੇ ਦਿਨਾਂ ਤੋਂ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀ ਭਰੀਆਂ ਈਮੇਲਾਂ ਨੂੰ ਗੰਭੀਰ ਮਾਮਲਾ ਦੱਸਦੇ ਹੋਏ ਕਿਹਾ ਕਿ ਇਹ ਘਟਨਾ ਬਹੁਤ ਦੁਖਦਾਈ ਤੇ ਚਿੰਤਾਜਨਕ ਹੈ।ਉਹਨਾਂ ਕਿਹਾ ਕਿ ਦਰਬਾਰ ਸਾਹਿਬ ਇਕ ਐਸਾ ਅਧਿਆਤਮਿਕ ਕੇਂਦਰ ਹੈ ਜਿੱਥੇ ਹਰ ਧਰਮ ਦੇ ਲੋਕ ਆਪਣੇ ਮਨ ਦੀਆਂ ਆਸਾਂ ਲੈ ਕੇ ਆਉਂਦੇ ਹਨ। ਇੱਥੇ ਕੋਈ ਜਾਤ ਪਾਤ ਨਹੀਂ, ਇਹ ਸਭ ਦਾ ਸਾਂਝਾ ਘਰ ਹੈ, ਜਿਸ ਦੀ ਪਵਿਤਰਤਾ ਅਤੇ ਮਰਿਆਦਾ ਦੀ ਰੱਖਿਆ ਕਰਨੀ ਸਾਰਿਆਂ ਦੀ ਜਿੰਮੇਵਾਰੀ ਹੈ। ਉਹਨਾਂ ਕਿਹਾ ਕਿ ਇਨ੍ਹਾਂ ਧਮਕੀ ਭਰੀਆਂ ਈਮੇਲਾਂ 'ਤੇ ਨਾ ਤਾਂ ਪੰਜਾਬ ਸਰਕਾਰ ਨੇ ਤੇ ਨਾ ਹੀ ਕੇਂਦਰ ਸਰਕਾਰ ਨੇ ਅਜੇ ਤੱਕ ਕੋਈ ਗੰਭੀਰ ਕਦਮ ਚੁੱਕਿਆ ਹੈ, ਜੋ ਕਿ ਨਿਰਾਸ਼ਾਜਨਕ ਹੈ। ਰਾਜਾ ਵੜਿੰਗ ਨੇ ਪੁਲਿਸ ਅਤੇ ਇੰਟੈਲੀਜੈਂਸ ਏਜੰਸੀਆਂ ਦੀ ਕਾਰਵਾਈ ਤੇ ਵੀ ਸਵਾਲ ਉਠਾਏ। ਉਹਨਾਂ ਕਿਹਾ ਕਿ ਜੇਕਰ ਇਕ ਵਿਅਕਤੀ, ਜੋ ਅਜੇ ਤੱਕ ਗ੍ਰਿਫਤ ਨਹੀਂ ਹੋਇਆ, ਪੂਰੇ ਪੰਜਾਬ ਦੀ ਪੁਲਿਸ ਅਤੇ ਇੰਟੈਲੀਜੈਂਸ ਦੇ ਨੈੱਟਵਰਕ ਤੋਂ ਬਚਿਆ ਹੋਇਆ ਹੈ, ਤਾਂ ਇਹ ਸਾਡੀਆਂ ਸੁਰੱਖਿਆ ਸੰਸਥਾਵਾਂ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕੇਵਲ ਸਾਈਬਰ ਕ੍ਰਾਈਮ ਨਹੀਂ, ਸੰਭਵ ਹੈ ਕਿ ਇਹ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਹੋਵੇ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਇਕ ਦੋਸ਼ੀ ਦੀ ਗ੍ਰਿਫਤਾਰੀ ਦਾ ਦਾਵਾ ਕਰਨ ਤੋਂ ਬਾਅਦ ਵੀ ਫਿਰ ਧਮਕੀ ਭਰੀ ਈਮੇਲ ਆਈ ਅਤੇ ਉਨ੍ਹਾਂ ਵਿੱਚ ਲਿਖਿਆ ਗਿਆ ਕਿ ਪੁਲਿਸ ਨੇ ਗਲਤ ਵਿਅਕਤੀ ਨੂੰ ਫੜਿਆ ਹੈ। ਇਹ ਸਥਿਤੀ ਸਪਸ਼ਟ ਕਰਦੀ ਹੈ ਕਿ ਮਾਮਲੇ ਦੀ ਜਾਂਚ ਅਜੇ ਵੀ ਢੀਲੀ ਹੈ ਅਤੇ ਪੁਲਿਸ ਦੋਸ਼ੀ ਦੀ ਪਛਾਣ 'ਚ ਨਾਕਾਮ ਰਹੀ ਹੈ। ਰਾਜਾ ਵੜਿੰਗ ਨੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਐਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨਾਲ ਵੀ ਗੱਲਬਾਤ ਕੀਤੀ ਪਰ ਡੀਜੀਪੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਹਨਾਂ ਕਿਹਾ ਕਿ ਪੰਜਾਬ ਵਿਚ ਕਾਫੀ ਸਾਰੀਆਂ ਇੰਟੈਲੀਜੈਂਸ ਏਜੰਸੀਆਂ, ਸਾਈਬਰ ਵਿੰਗ ਤੇ ਐਨਆਈਏ ਵੀ ਸਰਗਰਮ ਹਨ, ਫਿਰ ਵੀ ਅਜੇ ਤੱਕ ਮੁੱਖ ਦੋਸ਼ੀ ਦੀ ਪਛਾਣ ਨਾ ਹੋਣਾ ਚਿੰਤਾਜਨਕ ਹੈ।ਉਹਨਾਂ ਦੱਸਿਆ ਕਿ ਉਹ ਪਾਰਲੀਮੈਂਟ ਦੀ ਹੋਮ ਅਫੇਅਰ ਸਟੈਂਡਿੰਗ ਕਮੇਟੀ ਦੇ ਮੈਂਬਰ ਹਨ ਅਤੇ 22 ਜੁਲਾਈ ਨੂੰ ਹੋਣ ਵਾਲੀ ਮੀਟਿੰਗ 'ਚ ਇਹ ਮਾਮਲਾ ਉੱਠਾਉਣਗੇ। ਉਹਨਾਂ ਕਿਹਾ ਕਿ ਇਹ ਸਿਰਫ ਪੰਜਾਬ ਦੀ ਹੀ ਨਹੀਂ, ਦੇਸ਼ ਦੀ ਵੀ ਸੁਰੱਖਿਆ ਦਾ ਮਾਮਲਾ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਰਾਜਨੀਤੀ ਤੋਂ ਉੱਪਰ ਉੱਠ ਕੇ ਗੰਭੀਰਤਾ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਭਾਜਪਾ ਨੂੰ ਵੀ ਚੁਣੌਤੀ ਦਿੱਤੀ ਕਿ ਜਿੱਥੇ ਉਹ ਇ.ਡੀ., ਸੀਬੀਆਈ ਜਾਂ ਐਨਆਈਏ ਭੇਜਦੇ ਹਨ, ਉੱਥੇ ਇਸ ਮਾਮਲੇ 'ਚ ਵੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਕੇਵਲ ਸਾਈਬਰ ਕ੍ਰਾਈਮ ਨਹੀਂ ਹੈ, ਇਹ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ ਅਤੇ ਇਸ ਦੀ ਜਾਂਚ ਵਿਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਨੇ ਹਜੇ ਵੀ ਚੁੱਪ ਰਹਿਣਾ ਜਾਰੀ ਰੱਖਿਆ ਤਾਂ ਲੋਕਾਂ 'ਚ ਸਰਕਾਰਾਂ ਦੀ ਭੂਮਿਕਾ 'ਤੇ ਸਵਾਲ ਖੜੇ ਹੋਣੇ ਨਿਸ਼ਚਿਤ ਹਨ। ਆਖ਼ਰ ਵਿੱਚ ਰਾਜਾ ਵੜਿੰਗ ਨੇ ਆਸ ਜਤਾਈ ਕਿ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਜੋ ਵੀ ਸ਼ਰਾਰਤੀ ਅਨਸਰ ਹੋਣਗੇ, ਉਹ ਕਾਨੂੰਨ ਦੀ ਗ੍ਰਿਫਤ 'ਚ ਆਉਣਗੇ। ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਇਜ਼ਤ ਅਤੇ ਸੁਰੱਖਿਆ ਲਈ ਉਹ ਆਪਣੀ ਜਿੰਮੇਦਾਰੀ ਨਿਭਾਉਂਦੇ ਰਹਿਣਗੇ।
Get all latest content delivered to your email a few times a month.