ਤਾਜਾ ਖਬਰਾਂ
ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸ਼ਹਿਰ ਤੋਂ ਸੰਬੰਧਤ ਗ੍ਰੰਥੀ ਬਿੱਕਰ ਸਿੰਘ ਦੀ ਤਿੰਨ ਧੀਆਂ - ਰਿੰਪੀ ਕੌਰ, ਬੇਅੰਤ ਕੌਰ ਅਤੇ ਹਰਦੀਪ ਕੌਰ - ਨੇ ਮਈ 2025 ਵਿੱਚ ਹੋਈ ਯੂ.ਜੀ.ਸੀ. ਪ੍ਰੀਖਿਆ ਚੰਗੇ ਅੰਕਾਂ ਨਾਲ ਪਾਸ ਕਰ ਲਈ ਹੈ। ਇਨ੍ਹਾਂ ਤਿੰਨੋ ਭੈਣਾਂ ਨੇ ਆਪਣੇ ਘਰ ਦੀ ਆਰਥਿਕ ਤੰਗੀ ਦੇ ਬਾਵਜੂਦ ਇਹ ਪ੍ਰੀਖਿਆ ਪਾਸ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਅਤੇ ਦ੍ਰਿੜ ਨਿਸ਼ਚੇ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਇਹ ਪ੍ਰੀਖਿਆ ਪਾਸ ਕਰਕੇ ਹੁਣ ਉਨ੍ਹਾਂ ਦਾ ਟੀਚਾ ਪੀ.ਐਚ.ਡੀ ਕਰਨਾ ਅਤੇ ਭਵਿੱਖ ਵਿੱਚ ਪ੍ਰੋਫੈਸਰ ਬਣਣਾ ਹੈ।
ਇਹ ਤਿੰਨੋਂ ਭੈਣਾਂ ਬਚਪਨ ਤੋਂ ਹੀ ਵਿਦਿਆ ਪ੍ਰਤੀ ਰੁਝਾਨ ਰੱਖਦੀਆਂ ਹਨ। ਬੇਅੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਮਾਪਿਆਂ ਨੇ ਹਮੇਸ਼ਾਂ ਉਨ੍ਹਾਂ ਨੂੰ ਪੜ੍ਹਨ ਲਈ ਉਤਸ਼ਾਹਿਤ ਕੀਤਾ, ਹਾਲਾਂਕਿ ਉਨ੍ਹਾਂ ਦੇ ਮਾਪੇ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹਨ। ਤਿੰਨੋ ਭੈਣਾਂ ਨੇ ਯੂ.ਜੀ.ਸੀ ਦੀ ਪ੍ਰੀਖਿਆ ’ਚੋਂ ਚੰਗੇ ਰੈਂਕ ਹਾਸਲ ਕੀਤੇ, ਜਿਸ ਵਿੱਚੋਂ ਇੱਕ ਨੇ ਦੇਸ਼ ਪੱਧਰ ’ਤੇ 53ਵਾਂ ਰੈਂਕ ਪ੍ਰਾਪਤ ਕੀਤਾ। ਹਾਲ ਹੀ ਵਿੱਚ ਨਤੀਜਾ ਆਉਣ ਤੋਂ ਬਾਅਦ ਹੁਣ ਇਹ ਭੈਣਾਂ JRF ਦੀ ਤਿਆਰੀ ਕਰ ਰਹੀਆਂ ਹਨ।
ਇਨ੍ਹਾਂ ਦੀ ਮਾਤਾ ਮਨਜੀਤ ਕੌਰ ਖੇਤ ਮਜ਼ਦੂਰ ਹੈ ਅਤੇ ਪਿਤਾ ਬਿੱਕਰ ਸਿੰਘ ਗੁਰਦੁਆਰੇ ਵਿੱਚ ਗ੍ਰੰਥੀ ਦੀ ਸੇਵਾ ਨਿਭਾਉਂਦੇ ਹਨ। ਉਨ੍ਹਾਂ ਦਾ ਵੱਡਾ ਭਰਾ ਮੱਖਣ ਸਿੰਘ ਇਕ ਲੰਬੀ ਬਿਮਾਰੀ ਕਾਰਨ ਆਪਣੀ ਪੜ੍ਹਾਈ ਛੱਡ ਚੁੱਕਾ ਹੈ। ਪਰਿਵਾਰਿਕ ਹਾਲਾਤਾਂ ਦੇ ਬਾਵਜੂਦ ਤਿੰਨੋ ਭੈਣਾਂ ਨੇ ਦਿਲੋ ਮਿਹਨਤ ਕੀਤੀ ਅਤੇ ਅੱਜ ਉਨ੍ਹਾਂ ਦੀ ਇਹ ਪ੍ਰਾਪਤੀ ਪੂਰੇ ਇਲਾਕੇ ਲਈ ਮਾਣਯੋਗ ਬਣ ਗਈ ਹੈ। ਉਨ੍ਹਾਂ ਦੇ ਪਿਤਾ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਲਈ ਇਕ ਸੁਪਨੇ ਪੂਰੇ ਹੋਣ ਵਰਗੀ ਹੈ।
ਇਸ ਮੌਕੇ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਦੀ ਵਿਦਿਆ ਨੀਤੀ ਕਾਰਨ ਹੀ ਅੱਜ ਲੋੜਵੰਦ ਪਰਿਵਾਰਾਂ ਦੇ ਬੱਚੇ ਵੀ ਵਿਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਗਟੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਿੰਨੋ ਭੈਣਾਂ ਹੋਰਨਾਂ ਬੱਚਿਆਂ ਲਈ ਵੀ ਪ੍ਰੇਰਨਾ ਬਣਣਗੀਆਂ।
Get all latest content delivered to your email a few times a month.