ਤਾਜਾ ਖਬਰਾਂ
ਚੰਡੀਗੜ੍ਹ- ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਧਾਰਲੀ ਪਿੰਡ ਵਿੱਚ ਮੰਗਲਵਾਰ ਨੂੰ ਬੱਦਲ ਫਟਣ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 50 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਧਾਰਲੀ ਪਿੰਡ ਗੰਗੋਤਰੀ ਧਾਮ ਅਤੇ ਮੁਖਵਾ ਪਿੰਡ ਦੇ ਨੇੜੇ ਸਥਿਤ ਹੈ, ਜਿੱਥੇ ਨਾਲੇ ਦੇ ਉੱਪਰ ਬੱਦਲ ਫਟਣ ਕਾਰਨ ਪਾਣੀ ਅਤੇ ਮਲਬਾ ਤੇਜ਼ੀ ਨਾਲ ਹੇਠਾਂ ਆ ਗਿਆ, ਜਿਸ ਕਾਰਨ ਕਈ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ। ਬੱਦਲ ਫਟਣ ਤੋਂ ਬਾਅਦ, ਨਾਲੇ ਦਾ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ। ਮਿੱਟੀ, ਪੱਥਰ ਅਤੇ ਮਲਬਾ ਤੇਜ਼ ਵਹਾਅ ਨਾਲ ਬਸਤੀਆਂ ਵਿੱਚ ਵਹਿ ਗਿਆ। ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਇਲਾਕੇ ਵਿੱਚ ਅਜੇ ਵੀ ਮੀਂਹ ਜਾਰੀ ਹੈ, ਜਿਸ ਕਾਰਨ ਦੁਬਾਰਾ ਬੱਦਲ ਫਟਣ ਦਾ ਖ਼ਤਰਾ ਹੈ।
ਐਸਡੀਆਰਐਫ, ਐਨਡੀਆਰਐਫ, ਸਥਾਨਕ ਪੁਲਿਸ ਅਤੇ ਫੌਜ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਆਈਟੀਬੀਪੀ ਦੀ ਟੀਮ ਨੂੰ ਵੀ ਬਚਾਅ ਲਈ ਤਾਇਨਾਤ ਕੀਤਾ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਪ੍ਰਸ਼ਾਸ਼ਨ ਨੇ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਸੁਰੱਖਿਅਤ ਥਾਵਾਂ 'ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਲਾਕੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਇਲਾਕਿਆਂ ਵਿੱਚ ਇਨ੍ਹਾਂ ਦਿਨਾਂ ਵਿੱਚ ਭਾਰੀ ਬਾਰਿਸ਼ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਇਸ ਮਾਨਸੂਨ ਵਿੱਚ ਕਈ ਜਾਨਾਂ ਗਈਆਂ ਹਨ ਅਤੇ ਘਰਾਂ, ਸੜਕਾਂ ਅਤੇ ਪੁਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
Get all latest content delivered to your email a few times a month.