ਤਾਜਾ ਖਬਰਾਂ
ਚੰਡੀਗੜ੍ਹ- ਲੋਕ ਸਭਾ ਦੀ ਖੇਤੀਬਾੜੀ,ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਸਥਾਈ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਸਬੰਧੀ ਨੋਟੀਫ਼ਿਕੇਸ਼ਨ ਪੇਸ਼ ਕਰਨ ਲਈ ਇੱਕ ਪੱਤਰ ਲਿਖਿਆ ਗਿਆ ਹੈ। ਲੋਕ ਸਭਾ ਦੀ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਮੈਂਬਰ ਪਾਰਲੀਮੈਂਟ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਬਾਰੇ ਵਿਸਥਾਰਪੂਰਵਕ ਰਿਪੋਟ ਪੇਸ਼ ਕਰਨ ਲਈ ਪੰਜਾਬ ਦੇ ਮੁੱਖ ਸਕੱਤਰ ਨੂੰ ਕਮੇਟੀ ਵੱਲੋਂ ਲਿਖਿਆ ਗਿਆ ਸੀ, ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਇਸ ਪਾਲਿਸੀ ਤੋਂ ਪਿੱਛੇ ਹਟਣ ਦਾ ਦਾਵਾ ਕੀਤਾ ਹੈ।
ਸੰਸਦ ਮੈਂਬਰ ਚਰਨਜੀਤ ਚੰਨੀ ਨੇ ਦੱਸਿਆ ਕਿ ਇਸ ਪਾਲਿਸੀ ਸਬੰਧੀ ਰਿਪੋਟ ਪੇਸ਼ ਕਰਨ ਲਈ ਪੰਜਾਬ ਸਰਕਾਰ ਨੂੰ 18 ਅਗਸਤ ਨੂੰ ਬੁਲਾਇਆ ਗਿਆ ਸੀ ਤੇ ਇਸ ਤੋਂ ਪਹਿਲਾਂ ਹੀ ਨੇ ਇਹ ਪਾਲਿਸੀ ਰੱਦ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਥਾਈ ਕਮੇਟੀ ਵੱਲੋਂ ਹੁਣ ਪੰਜਾਬ ਸਰਕਾਰ ਨੂੰ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨ ਤੇ ਇਹ ਨੋਟੀਫ਼ਿਕੇਸ਼ਨ ਸਥਾਈ ਕਮੇਟੀ ਕੋਲ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਪਾਲਿਸੀ ਦਾ ਪਹਿਲਾਂ ਸਰਵੇ ਨਹੀਂ ਕਰਵਾਇਆ ਕਿ ਇਸਦੇ ਨਾਲ ਪੰਜਾਬ ਦੀ ਕਿਸਾਨੀ ਤੇ ਖੇਤ ਮਜ਼ਦੂਰ ਤੇ ਕੀ ਅਸਰ ਪਵੇਗਾ ਤੇ ਨਾ ਹੀ ਸਰਕਾਰ ਨੇ ਇਸ ਨਾਲ ਸੂਬੇ ਤੇ ਪੈਣ ਵਾਲੇ ਆਰਥਿਕ ਤੇ ਸਮਾਜਿਕ ਅਸਰ ਬਾਰੇ ਕੋਈ ਸਰਵੇ ਕਰਵਾਇਆ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇੰਨਾਂ ਮੁੱਦਿਆਂ ਤੇ ਸਰਕਾਰ ਦੀ ਜਵਾਬਦੇਹੀ ਮੰਗੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਪਾਲਿਸੀ ਨੂੰ ਪੂਰੀ ਤਰਾ ਨਾਲ ਰੱਦ ਕਰਵਾਉਣ ਤੱਕ ਪੈਰਵਾਈ ਕੀਤੀ ਜਾਵੇਗੀ ਤੇ ਇਸਦੇ ਆਖਿਰ ਤੱਕ ਪਹੁੰਚਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਲੈਂਡ ਪੂਲਿੰਗ ਨੀਤੀ ਦਾ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਸੀ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀਕਰਨ ਕਰਨ ਦਾ ਦਾਵਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆਂਦੀ ਗਈ ਇਸ ਨੀਤੀ ਨਾਲ ਜਿੱਥੇ ਕਿ ਕਿਸਾਨਾਂ ਦਾ ਉਜਾੜਾ ਹੋਣਾ ਸੀ ਉੱਥੇ ਹੀ ਪੰਜਾਬ ਦੀ ਵਾਹੀਯੋਗ ਜ਼ਮੀਨ ਦਾ ਵੀ ਖੇਤਰਫਲ ਘੱਟਣਾ ਸੀ ਜਿਸਦੇ ਨਾਲ ਦੇਸ਼ ਦੇ ਅੰਨ ਭੰਡਾਰ ਵੀ ਅਸਰ ਪੈਣਾ ਸੀ।
Get all latest content delivered to your email a few times a month.