ਤਾਜਾ ਖਬਰਾਂ
ਪਲਾਸਟਿਕ ਦੇ ਲਿਫ਼ਾਫਿਆਂ ਤੋਂ ਪੈਦਾ ਹੋ ਰਹੀਆਂ ਸਮੱਸਿਆਵਾਂ ਨੇ ਅੱਜ ਹਰ ਸ਼ਹਿਰ ਅਤੇ ਪਿੰਡ ਦੀ ਸਿਹਤ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਡਰੇਨੇਜ ਤੇ ਸੀਵਰੇਜ ਜਾਮ ਹੋਣ ਤੋਂ ਲੈ ਕੇ ਬਿਮਾਰੀਆਂ ਤੱਕ, ਇਸਦਾ ਅਸਰ ਚੌਂਕਾਉਣ ਵਾਲਾ ਹੈ। ਇਸੇ ਪ੍ਰਸ਼ਨ ਨਾਲ ਜੂਝਣ ਲਈ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਆਪਣੀ ਸਿੱਧੂ ਫਾਊਂਡੇਸ਼ਨ ਰਾਹੀਂ ਇਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਫੇਜ਼-10 ਸਥਿਤ ਸਿਲਵੀ ਪਾਰਕ ਵਿੱਚ ਲੋਕਾਂ ਨੂੰ ਕਪੜੇ ਦੇ ਥੈਲੇ ਵੰਡੇ ਗਏ, ਤਾਂ ਜੋ ਉਹਨਾਂ ਨੂੰ ਇਹ ਯਾਦ ਦਿਵਾਇਆ ਜਾ ਸਕੇ ਕਿ ਜੇ ਹਰ ਵਿਅਕਤੀ ਘਰੋਂ ਆਪਣਾ ਥੈਲਾ ਲੈ ਕੇ ਨਿਕਲੇ ਤਾਂ ਪਲਾਸਟਿਕ ਦਾ ਪੂਰਾ ਬਦਲ ਸੰਭਵ ਹੈ।
ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਚੇਤਾਵਨੀ ਦਿੱਤੀ ਕਿ ਘਟੀਆ ਪਲਾਸਟਿਕ ਸਿਰਫ਼ ਗੰਦਗੀ ਹੀ ਨਹੀਂ ਫੈਲਾਉਂਦਾ, ਸਗੋਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ। ਦੂਜੇ ਪਾਸੇ ਮੇਅਰ ਜੀਤੀ ਸਿੱਧੂ ਨੇ ਖੁਲਾਸਾ ਕੀਤਾ ਕਿ ਸਵੇਰੇ ਉਹਨਾਂ ਨੂੰ ਲੋਕਾਂ ਵੱਲੋਂ “ਗੁੱਡ ਮੋਰਨਿੰਗ” ਦੀ ਬਜਾਏ ਸੀਵਰੇਜ ਜਾਮ ਹੋਣ ਦੀਆਂ ਸ਼ਿਕਾਇਤਾਂ ਹੀ ਮਿਲਦੀਆਂ ਹਨ। 99% ਪਾਈਪਾਂ ਵਿੱਚੋਂ ਪੋਲੀਥੀਨ ਮਿਲਣਾ ਸਭ ਤੋਂ ਵੱਡੀ ਸਮੱਸਿਆ ਹੈ।
ਉਹਨਾਂ ਇਹ ਵੀ ਦੱਸਿਆ ਕਿ ਇਹੀ ਪਲਾਸਟਿਕ ਗਊਆਂ ਦੀ ਜ਼ਿੰਦਗੀ ਲਈ ਘਾਤਕ ਬਣ ਰਿਹਾ ਹੈ, ਕਿਉਂਕਿ ਉਹ ਅਕਸਰ ਕੂੜੇ ਵਿੱਚ ਸੁੱਟੇ ਲਿਫ਼ਾਫੇ ਨਾਲ ਨਾਲ ਧਾਤੂ ਚੀਜ਼ਾਂ ਵੀ ਖਾ ਲੈਂਦੀਆਂ ਹਨ, ਜੋ ਉਹਨਾਂ ਦੇ ਪੇਟ ਪਾੜ ਦਿੰਦੀਆਂ ਹਨ।
ਸਥਾਨਕ ਨਿਵਾਸੀਆਂ ਅਤੇ ਮੋਹਤਬਰਾਂ ਦੀ ਵੱਡੀ ਹਾਜ਼ਰੀ ਨੇ ਇਸ ਮੁਹਿੰਮ ਨੂੰ ਹੋਰ ਵੀ ਜ਼ੋਰਦਾਰ ਬਣਾਇਆ। ਸਭ ਨੇ ਸਹਿਮਤੀ ਜਤਾਈ ਕਿ ਮੋਹਾਲੀ ਤੋਂ ਸ਼ੁਰੂ ਹੋਈ ਇਹ ਕੋਸ਼ਿਸ਼ ਪੂਰੇ ਪੰਜਾਬ ਲਈ ਪ੍ਰੇਰਣਾ ਬਣੇਗੀ।
Get all latest content delivered to your email a few times a month.