ਤਾਜਾ ਖਬਰਾਂ
ਫਾਜ਼ਿਲਕਾ ਜ਼ਿਲ੍ਹੇ ਦੇ ਕਾਵਾਂ ਵਾਲੀ ਪੱਤਣ 'ਤੇ ਹੜ੍ਹ ਰਾਹਤ ਕਾਰਜਾਂ ਦੀ ਸਮੀਖਿਆ ਦੌਰਾਨ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੇਂਦਰ ਸਰਕਾਰ ਅਤੇ ਗੁਆਂਢੀ ਸੂਬਿਆਂ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਪੰਜਾਬ ਤੋਂ ਪਾਣੀ ਖੋਹਣਾ ਸੀ ਤਾਂ ਸਾਰੇ ਕਾਨੂੰਨ ਨਜ਼ਰਅੰਦਾਜ਼ ਕਰ ਦਿੱਤੇ ਗਏ, ਪਰ ਹੁਣ ਜਦੋਂ ਪੰਜਾਬ ਮੁਸੀਬਤ ਵਿੱਚ ਹੈ ਤਾਂ ਕੋਈ ਵੀ ਸਹਾਇਤਾ ਲਈ ਅੱਗੇ ਨਹੀਂ ਆ ਰਿਹਾ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਬਿਨਾਂ ਮੰਗੇ ਪੰਜਾਬ ਨੂੰ ਹੜ੍ਹ ਰਾਹਤ ਪੈਕੇਜ ਮੁਹੱਈਆ ਕਰਾਵੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਭਾਰੀ ਬਾਰਿਸ਼ ਅਤੇ ਪਹਾੜੀ ਖੇਤਰਾਂ ਤੋਂ ਪਾਣੀ ਦੇ ਵੱਧ ਆਉਣ ਕਾਰਨ ਹੜ੍ਹਾਂ ਦੀ ਸਥਿਤੀ ਗੰਭੀਰ ਹੋ ਗਈ ਹੈ, ਪਰ ਫਿਰ ਵੀ ਪੰਜਾਬ ਸਰਕਾਰ ਲੋਕਾਂ ਨੂੰ ਤੁਰੰਤ ਸਹਾਇਤਾ ਦੇਣ ਲਈ ਹਰ ਪੱਧਰ 'ਤੇ ਕਮਰਕੱਸ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਗਰਾਊਂਡ ਲੈਵਲ 'ਤੇ ਪਹੁੰਚ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਇੱਥੋਂ ਤੱਕ ਕਿ ਮੁੱਖ ਮੰਤਰੀ ਨੇ ਆਪਣਾ ਹੈਲੀਕਾਪਟਰ ਵੀ ਰਾਹਤ ਕਾਰਜਾਂ ਲਈ ਸਮਰਪਿਤ ਕੀਤਾ ਹੈ।
ਗੋਇਲ ਨੇ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਸਪੈਸ਼ਲ ਗਰਦਾਵਰੀ ਦੇ ਹੁਕਮ ਹੋ ਚੁੱਕੇ ਹਨ ਅਤੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਸੱਤ ਰਾਹਤ ਕੈਂਪ ਚਲ ਰਹੇ ਹਨ ਜਿੱਥੇ ਲੋਕਾਂ ਨੂੰ ਰਹਿਣ, ਖਾਣ-ਪੀਣ ਅਤੇ ਹੋਰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਬਚਾਅ ਕੰਮਾਂ ਵਿੱਚ ਸ਼ਾਮਲ ਹਨ। ਅੱਜ ਹੀ 100 ਤੋਂ ਵੱਧ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਕੱਢਿਆ ਗਿਆ।
ਇਸ ਦੌਰੇ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐਸਐਸਪੀ ਗੁਰਮੀਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਰਹੇ ਜਿਨ੍ਹਾਂ ਨੇ ਮੰਤਰੀ ਨੂੰ ਸਥਾਨਕ ਹਾਲਾਤਾਂ ਅਤੇ ਚੱਲ ਰਹੇ ਰਾਹਤ ਕਾਰਜਾਂ ਬਾਰੇ ਜਾਣੂ ਕਰਵਾਇਆ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਮੌਕੇ ਵਿਸ਼ੇਸ਼ ਧੰਨਵਾਦ ਵੀ ਕੀਤਾ ਕਿ ਮੰਤਰੀ ਖੁਦ ਫਾਜ਼ਿਲਕਾ ਦੀਆਂ ਜ਼ਰੂਰਤਾਂ ਦਾ ਧਿਆਨ ਰੱਖ ਰਹੇ ਹਨ।
Get all latest content delivered to your email a few times a month.