IMG-LOGO
ਹੋਮ ਪੰਜਾਬ, ਰਾਸ਼ਟਰੀ, ਸੰਸਦ ਮੈਂਬਰ ਮੀਤ ਹੇਅਰ ਨੇ PM ਮੋਦੀ ਨੂੰ ਲਿਖਿਆ ਪੱਤਰ,...

ਸੰਸਦ ਮੈਂਬਰ ਮੀਤ ਹੇਅਰ ਨੇ PM ਮੋਦੀ ਨੂੰ ਲਿਖਿਆ ਪੱਤਰ, ਕਿਹਾ- ਕੇਂਦਰ ਤੁਰੰਤ 20 ਹਜ਼ਾਰ ਕਰੋੜ ਰੁਪਏ ਦੀ ਅੰਤਰਿਮ ਰਾਹਤ ਅਤੇ ਪੰਜਾਬ ਦੇ ਰੋਕੇ ਹੋਏ...

Admin User - Sep 01, 2025 03:46 PM
IMG

ਚੰਡੀਗੜ੍ਹ, 1 ਸਤੰਬਰ- ਪਿਛਲੀ ਅੱਧੀ ਸਦੀ ਦੇ ਸਭ ਤੋਂ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੂੰ ਇਸ ਆਫ਼ਤ ਵਿੱਚੋਂ ਉਭਰਨ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜਨ ਲਈ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਮੰਗਿਆ ਹੈ। ਮੀਤ ਹੇਅਰ ਨੇ ਮੰਗ ਰੱਖੀ ਹੈ ਕਿ ਪੰਜਾਬ ਨੂੰ ਤੁਰੰਤ 20 ਹਜ਼ਾਰ ਕਰੋੜ ਰੁਪਏ ਦੀ ਅੰਤਰਿਮ ਰਾਹਤ ਦਿੱਤੀ ਜਾਵੇ ਅਤੇ ਬਾਕੀ ਨੁਕਸਾਨ ਦੇ ਪੂਰੇ ਜਾਇਜ਼ੇ ਤੋਂ ਬਾਅਦ ਵਿਆਪਕ ਪੈਕੇਜ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕੇਂਦਰ ਸਰਕਾਰ ਨੂੰ ਪੰਜਾਬ ਦੇ ਰੁਕੇ ਪਏ 60 ਹਜ਼ਾਰ ਕਰੋੜ ਰੁਪਏ ਦੇ ਫੰਡ ਤੁਰੰਤ ਜਾਰੀ ਕਰਨ ਦੀ ਵੀ ਮੰਗ ਰੱਖੀ ਹੈ ਜਿਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੀ ਮੱਦਦ ਕਰਨਾ ਹੁਣ ਕੇਂਦਰ ਦਾ ਫਰਜ਼ ਬਣਦਾ ਹੈ।

ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਕਾਰਨਜਿੱਥੇ ਜਾਨੀ-ਮਾਲੀ, ਪਸ਼ੂ ਡੰਗਰ ਤੇ ਬੁਨਿਆਦੀ ਢਾਂਚੇ ਦਾ ਨੁਕਸਾਨ ਹੋਇਆ ਹੈ ਉਥੇ ਵੱਡੇ ਰਕਬੇ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਦਾ ਸਿੱਧਾ ਮਾੜਾ ਅਸਰ ਦੇਸ਼ ਦੇ ਅੰਨ ਭੰਡਾਰ ਉਪਰ ਹੋਵੇਗਾ। ਦੇਸ਼ ਦੇ ਅੰਨ ਭੰਡਾਰ ਸੂਬੇ ਉਤੇ ਆਈ ਇਸ ਆਫ਼ਤ ਵਿੱਚ ਕੇਂਦਰ ਸਰਕਾਰ ਨੂੰ ਪੰਜਾਬ ਦੀ ਬਾਂਹ ਫੜਨੀ ਚਾਹੀਦੀ ਹੈ। ਫਸਲ ਦਾ ਨੁਕਸਾਨ ਉਦੋਂ ਹੋਇਆ ਹੈ ਜਦੋਂ ਕਿ ਵਾਢੀ ਸੀਜ਼ਨ ਬਰੂਹਾਂ ਉਤੇ ਹੈ। ਲੋਕਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਦੇ ਨਾਲ ਪਸ਼ੂਆਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਨਾਲ ਡੇਅਰੀ ਫਾਰਮਿੰਗ ਅਤੇ ਪਸ਼ੂ ਪਾਲਣ ਦੇ ਸਹਾਇਕ ਧੰਦਿਆਂ ਉਤੇ ਮਾੜਾ ਅਸਰ ਹੋਇਆ ਹੈ।

ਲੋਕ ਸਭਾ ਮੈਂਬਰ ਨੇ ਪੰਜਾਬ ਵਿੱਚ ਆਏ ਹੜ੍ਹਾਂ ਪਿਛਲੇ ਕਾਰਨਾਂ ਉਤੇ ਝਾਤੀ ਮਾਰਦਿਆਂ ਦੱਸਿਆ ਕਿ ਹਿਮਾਚਲ ਤੇ ਜੰਮੂ ਕਸ਼ਮੀਰ ਵਿੱਚ ਭਾਰੀ ਬਾਰਸ਼ਾਂ ਕਾਰਨ ਰਾਵੀ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਰਣਜੀਤ ਸਾਗਰ ਡੈਮ ਵਿੱਚ ਪਿਛਲੇ 10 ਦਿਨਾਂ ਵਿੱਚ 25 ਫੁੱਟ ਪਾਣੀ ਦਾ ਪੱਧਰ ਵਧਿਆ ਜਿਸ ਕਾਰਨ 1988 ਵਿੱਚ ਛੱਡੇ ਪਾਣੀ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਹੈ। ਇਸ ਦੇ ਸਿੱਟੇ ਵਜੋਂ ਮਾਝੇ ਦੇ ਤਿੰਨ ਜ਼ਿਲਿਆਂ ਵਿੱਚ 300 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ। ਇਸੇ ਤਰ੍ਹਾਂ ਪੌਂਗ ਡੈਮ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਬਿਆਸ ਵਿੱਚ ਪਾਣੀ ਛੱਡੇ ਜਾਣ ਨਾਲ ਕਪੂਰਥਲਾ, ਹੁਸ਼ਿਆਰਪੁਰ ਜ਼ਿਲੇ ਦੇ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਸ਼ਾਂ ਕਾਰਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਤਲੁਜ ਦਰਿਆ ਕੰਡੇ ਜ਼ਿਲਿ੍ਹਆਂ ਨੂੰ ਵੱਡੀ ਮਾਰ ਪਈ ਹੈ। ਬੀਤੇ ਦਿਨ ਤੋਂ ਪੈ ਰਹੀ ਬਾਰਸ਼ ਕਾਰਨ ਘੱਗਰ ਕੰਡਿਆਂ ਵਿੱਚ ਹਾਈ ਅਲਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਨਿਰੰਤਰ ਮੀਂਹ ਪੈ ਰਹੇ ਹਨ ਅਤੇ ਜੋ ਸਤੰਬਰ ਵਿੱਚ ਵੀ ਜਾਰੀ ਹਨ।

ਮੀਤ ਹੇਅਰ ਨੇ ਪ੍ਰਧਾਨ ਮੰਤਰੀ ਨੂੰ ਇਸ ਸਥਿਤੀ ਦੇ ਮੱਦੇਨਜ਼ਰ ਪੰਜਾਬ ਨੂੰ ਵਿਸ਼ੇਸ਼ ਕੇਂਦਰੀ ਪੈਕੇਜ ਦੇਣ ਦੀ ਮੰਗ ਕੀਤੀ ਹੈ। ਇਸ ਪੈਕੇਜ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ, ਨੁਕਸਾਨੇ ਬੁਨਿਆਦੀ ਢਾਂਚਾ ਨੂੰ ਮੁੜ ਤਿਆਰ ਕਰਨਾ ਜਿਸ ਵਿੱਚ ਸਿੰਜਾਈ ਵਿਵਸਥਾ ਅਤੇ ਦਰਿਆਵਾਂ ਦੇ ਕੰਡਿਆਂ ਦੀ ਮੁਰੰਮਤ ਸ਼ਾਮਲ ਹੋਵੇ। ਘੱਗਰ ਦੇ ਪੱਕੇ ਪ੍ਰਬੰਧ ਦੇ ਨਾਲ ਦਰਿਆਵਾਂ ਦੇ ਕੰਡੇ ਘੱਟੋ-ਘੱਟ ਸਾਢੇ ਚਾਰ ਫੁੱਟ ਤੱਕ ਮਜ਼ਬੂਤੀ ਨਾਲ ਤਿਆਰ ਕਰਨਾ।

ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜਿਵੇਂ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਗਿਆ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਕੇਂਦਰ ਸਰਕਾਰ ਵਿੱਚ ਤਾਇਨਾਤ ਉਚ ਆਗੂਆਂ ਦਾ ਦੌਰਾ ਕਰਵਾਇਆ ਜਾਵੇ ਤਾਂ ਜੋ ਉਹ ਜ਼ਮੀਨੀ ਪੱਧਰ ਉਤੇ ਹੋਏ ਨੁਕਸਾਨ ਨੂੰ ਖੁਦ ਦੇਖ ਸਕਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.