ਤਾਜਾ ਖਬਰਾਂ
Amritsar: ਪੰਜਾਬ ਵਿੱਚ ਹੜ੍ਹਾਂ ਨੇ ਜਿੱਥੇ ਹਜ਼ਾਰਾਂ ਲੋਕਾਂ ਦੇ ਘਰ-ਦੁਆਰ ਤਬਾਹ ਕਰ ਦਿੱਤੇ ਹਨ, ਉੱਥੇ ਪਿੰਡ ਘੋਨੇਵਾਲ ਦੇ ਨਿਵਾਸੀ ਅਜੇਪਾਲ ਸਿੰਘ ਵੀ ਇਸ ਆਫ਼ਤ ਦੀ ਚਪੇਟ ਵਿੱਚ ਆਏ ਹਨ। ਉਨ੍ਹਾਂ ਨੇ ਦੱਸਿਆ ਕਿ 2014 ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਸੁਪਨਾ — ਡੇਢ ਕਰੋੜ ਦੀ ਲਾਗਤ ਨਾਲ ਬਣ ਰਹੀ ਕੋਠੀ — ਹੁਣ ਖੰਡਰ ਬਣ ਚੁੱਕੀ ਹੈ। ਇਹ ਮਕਾਨ ਕਰੀਬ-ਕਰੀਬ ਤਿਆਰ ਸੀ, ਪਰ ਹੜ੍ਹ ਦੇ ਪਾਣੀ ਨੇ ਪੂਰੀ ਮਿਹਨਤ ਤੇ ਕਈ ਸਾਲਾਂ ਦੀ ਕਮਾਈ ਇਕ ਝਟਕੇ ਵਿੱਚ ਮਿਟਾ ਦਿੱਤੀ।
ਭਾਵੁਕ ਹੋਏ ਅਜੇਪਾਲ ਸਿੰਘ ਨੇ ਕਿਹਾ ਕਿ ਨੌ ਸਾਲਾਂ ਦੀ ਜੱਦੋ-ਜਹਿਦ ਨੂੰ ਕੁਦਰਤ ਨੇ ਕੁਝ ਪਲਾਂ ਵਿੱਚ ਖਾਕ ਕਰ ਦਿੱਤਾ। ਇੰਜੀਨੀਅਰਾਂ ਨੇ ਘਰ ਦੀ ਜਾਂਚ ਕੀਤੀ ਪਰ ਬਚਾਉਣ ਦਾ ਕੋਈ ਰਾਹ ਨਹੀਂ ਸੀ। ਆਖ਼ਿਰਕਾਰ ਲੈਂਟਰ ਢਹਿ ਗਿਆ ਅਤੇ ਕੋਠੀ ਪੂਰੀ ਤਰ੍ਹਾਂ ਡਹਿ ਗਈ। ਹੁਣ ਪਰਿਵਾਰ ਕਿਰਾਏ ਦੇ ਘਰ ਵਿੱਚ ਰਹਿਣ ਲਈ ਮਜਬੂਰ ਹੈ ਅਤੇ ਨਵੇਂ ਸਿਰੇ ਨਾਲ ਜ਼ਿੰਦਗੀ ਸ਼ੁਰੂ ਕਰਨ ਦੀ ਸੋਚ ਰਿਹਾ ਹੈ।
ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਹੜ੍ਹ ਤੋਂ ਬਾਅਦ ਕੁਝ ਸ਼ਰਾਰਤੀ ਤੱਤਾਂ ਵੱਲੋਂ ਝੂਠੀਆਂ ਆਈਡੀਆਂ ਰਾਹੀਂ ਫੰਡ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜੇਪਾਲ ਸਿੰਘ ਨੇ ਲੋਕਾਂ ਨੂੰ ਸਾਵਧਾਨ ਕਰਦੇ ਕਿਹਾ ਕਿ ਜੇ ਮਦਦ ਕਰਨੀ ਹੋਵੇ ਤਾਂ ਸਿੱਧਾ ਸੰਪਰਕ ਕੀਤਾ ਜਾਵੇ, ਨਹੀਂ ਤਾਂ ਲੋਕ ਠੱਗੀ ਦਾ ਸ਼ਿਕਾਰ ਹੋ ਸਕਦੇ ਹਨ।
ਆਖ਼ਿਰ ਵਿੱਚ ਅਜੇਪਾਲ ਸਿੰਘ ਨੇ ਰੱਬ ‘ਤੇ ਭਰੋਸਾ ਜ਼ਾਹਰ ਕਰਦਿਆਂ ਕਿਹਾ ਕਿ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਹੀ ਉਹਨਾਂ ਨੂੰ ਅੱਗੇ ਵਧਣ ਦੀ ਹਿੰਮਤ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਜੋ ਵੀ ਸਹਾਇਤਾ ਮਿਲੇਗੀ, ਉਹ ਆਪਣੇ ਲਈ ਨਹੀਂ ਰੱਖਣਗੇ ਸਗੋਂ ਲੰਗਰ ਤੇ ਗਰੀਬਾਂ ਦੀ ਸੇਵਾ ‘ਚ ਖਰਚ ਕਰਨਗੇ, ਕਿਉਂਕਿ ਦੁੱਖ ਸਾਂਝੇ ਕਰਨ ਨਾਲ ਹੀ ਹੌਸਲਾ ਬਣਦਾ ਹੈ।
Get all latest content delivered to your email a few times a month.