ਤਾਜਾ ਖਬਰਾਂ
ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਡੇਰਾ ਬਾਬਾ ਨਾਨਕ, ਕਲਾਨੌਰ ਅਤੇ ਬਹਿਰਾਮਪੁਰ ਦਾ ਦੌਰਾ ਕੀਤਾ। ਰਾਜਪਾਲ ਨੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੇੜੇ ਹੜ੍ਹ ਨਾਲ ਬੇਹਾਲ ਹੋਏ ਇਲਾਕਿਆਂ ਦੀ ਸਥਿਤੀ ਦਾ ਅਨੁਭਵ ਕੀਤਾ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਤੋਂ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕੀਤੀ।
ਉਨ੍ਹਾਂ ਨੂੰ ਦੱਸਿਆ ਗਿਆ ਕਿ ਰਾਵੀ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਨਾਲ 324 ਪਿੰਡਾਂ ਨੂੰ ਹੜ੍ਹ ਨੇ ਆਪਣੀ ਲਪੇਟ ਵਿੱਚ ਲਿਆ ਹੈ। ਪ੍ਰਸ਼ਾਸਨ, ਐਨ.ਡੀ.ਆਰ.ਐੱਫ., ਬੀ.ਐੱਸ.ਐੱਫ. ਅਤੇ ਫੌਜ ਦੀ ਸਾਂਝੀ ਕਾਰਵਾਈ ਨਾਲ ਹੁਣ ਤੱਕ 5581 ਲੋਕਾਂ ਨੂੰ ਸੁਰੱਖਿਅਤ ਤੌਰ ‘ਤੇ ਬਚਾਇਆ ਗਿਆ ਹੈ।
ਰਾਜਪਾਲ ਕਟਾਰੀਆ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਸੂਬਾ ਸਰਕਾਰ ਨਾਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਸਥਿਤੀ ਬਾਰੇ ਚਰਚਾ ਕੀਤੀ। ਰਾਜਪਾਲ ਨੇ ਦੱਸਿਆ ਕਿ ਕੇਂਦਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਭਲਕੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ।
ਮੀਟਿੰਗ ਦੌਰਾਨ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਅਸਲ ਚੁਣੌਤੀ ਪਾਣੀ ਘਟਣ ਤੋਂ ਬਾਅਦ ਸ਼ੁਰੂ ਹੋਵੇਗੀ, ਜਦੋਂ ਫਸਲਾਂ ਅਤੇ ਜਾਇਦਾਦ ਦੇ ਨੁਕਸਾਨ ਦਾ ਮੁਲਾਂਕਣ ਅਤੇ ਮੁਆਵਜ਼ੇ ਦਾ ਕੰਮ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਨੇ ਸਿਹਤ ਸੇਵਾਵਾਂ ਨੂੰ ਵਧਾਉਣ, ਸੱਪਾਂ ਦੇ ਖਤਰੇ ਤੋਂ ਬਚਾਅ ਲਈ ਐਂਟੀ ਸਨੇਕ ਵੈਨਮ ਦੀ ਉਪਲਬਧਤਾ ਅਤੇ ਬਿਮਾਰੀਆਂ ਦੇ ਫੈਲਣ ‘ਤੇ ਰੋਕ ਲਈ ਮੈਡੀਕਲ ਟੀਮਾਂ ਵਧਾਉਣ ਦੇ ਆਦੇਸ਼ ਦਿੱਤੇ।
ਇਸ ਦੌਰਾਨ ਰਾਜਪਾਲ ਨੇ ਰਾਹਤ ਕੈਂਪਾਂ ਦਾ ਦੌਰਾ ਕਰਕੇ ਬੇਘਰ ਹੋਏ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਸੰਭਵ ਸਹਾਇਤਾ ਦੇਵੇਗੀ। ਇਲਾਕਾ ਵਾਸੀਆਂ ਵੱਲੋਂ ਮਕੌੜਾ ਪੱਤਣ ‘ਤੇ ਪੱਕਾ ਪੁਲ ਬਣਾਉਣ ਅਤੇ ਸ਼ੱਕੀ ਨਾਲੇ ਦੇ ਸਥਾਈ ਹੱਲ ਦੀ ਮੰਗ ਵੀ ਰੱਖੀ ਗਈ।
ਦੌਰੇ ਦੌਰਾਨ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਕਈ ਉੱਚ ਅਧਿਕਾਰੀ ਵੀ ਹਾਜ਼ਰ ਸਨ।
Get all latest content delivered to your email a few times a month.