ਤਾਜਾ ਖਬਰਾਂ
ਪੰਜਾਬ ਇਸ ਸਮੇਂ ਹੜ੍ਹਾਂ ਦੇ ਕਹਿਰ ਨਾਲ ਜੂਝ ਰਿਹਾ ਹੈ। ਦਰਿਆਵਾਂ ਦੇ ਓਵਰਫਲੋ ਹੋਣ ਕਾਰਨ ਕਈ ਜ਼ਿਲ੍ਹਿਆਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਹੁਣ ਤੱਕ 37 ਲੋਕਾਂ ਦੀ ਜਾਨ ਜਾ ਚੁੱਕੀ ਹੈ, ਬੇਘਰ ਹੋਏ ਪਰਿਵਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਫਸਲਾਂ ਪਾਣੀ ਹੇਠ ਆ ਚੁੱਕੀਆਂ ਹਨ ਅਤੇ ਪਸ਼ੂਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਇਹ ਗੰਭੀਰ ਸਥਿਤੀ ਵੇਖਦਿਆਂ ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਆਪਣੇ ਫੰਡ ਵਿਚੋਂ 3.25 ਕਰੋੜ ਰੁਪਏ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਰਕਮ ਵਿਚੋਂ 2.75 ਕਰੋੜ ਰੁਪਏ ਬੰਨ੍ਹਾਂ ਦੀ ਮੁਰੰਮਤ ਤੇ ਮਜ਼ਬੂਤੀ ‘ਤੇ ਖਰਚੇ ਜਾਣਗੇ, ਜਦਕਿ 50 ਲੱਖ ਰੁਪਏ ਰਾਹਤ ਕਾਰਜਾਂ ਲਈ ਰੱਖੇ ਗਏ ਹਨ, ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਮਿਲ ਸਕੇ। ਰਾਘਵ ਚੱਢਾ ਨੇ ਕਿਹਾ ਕਿ ਇਹ ਫੰਡ ਪੰਜਾਬ ਦੇ ਲੋਕਾਂ ਲਈ ਹੀ ਹੈ ਅਤੇ ਇਸ ਦਾ ਹਰ ਪੈਸਾ ਹੜ੍ਹ ਪੀੜਤਾਂ ਦੇ ਹਿੱਤ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਯਕੀਨ ਦਵਾਇਆ ਕਿ ਸੰਸਦ ਵਿੱਚ ਇਸ ਮਾਮਲੇ ਨੂੰ ਪੂਰੇ ਜ਼ੋਰ ਨਾਲ ਉਠਾਇਆ ਜਾਵੇਗਾ ਅਤੇ ਕੇਂਦਰ ਸਰਕਾਰ ਤੋਂ ਵਾਧੂ ਮਦਦ ਦੀ ਮੰਗ ਕੀਤੀ ਜਾਵੇਗੀ।
ਦੂਜੇ ਪਾਸੇ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ 50 ਲੱਖ ਰੁਪਏ ਦੀ ਸਹਾਇਤਾ ਰਕਮ ਜਾਰੀ ਕੀਤੀ ਹੈ। ਇਹ ਗ੍ਰਾਂਟ ਉਨ੍ਹਾਂ ਦੇ ਵਿਸ਼ੇਸ਼ ਫੰਡ ਵਿੱਚੋਂ ਨਿਕਾਲੀ ਗਈ ਹੈ। ਇਹ ਰਕਮ ਕਪੂਰਥਲਾ ਜ਼ਿਲ੍ਹੇ ਦੇ ਤਿੰਨ ਪਿੰਡਾਂ — ਸਾਂਗਰਾ, ਆਹਲੀ ਕਲਾਂ ਤੇ ਰਾਮਪੁਰ ਗੋਹਰਾ ਲਈ ਰੱਖੀ ਗਈ ਹੈ।
ਇਸ ਤੋਂ ਇਲਾਵਾ, ਅਜਨਾਲਾ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਦੇ ਮੱਦੇਨਜ਼ਰ, ਉਨ੍ਹਾਂ ਵੱਲੋਂ ਚਾਰ ਪਿੰਡਾਂ ਵਿੱਚ ਪਾਣੀ ਦੇ ਟੈਂਕਰ ਭੇਜੇ ਗਏ ਹਨ। ਸੀਚੇਵਾਲ ਨੇ ਇਹ ਵੀ ਕਿਹਾ ਕਿ ਜੋ ਲੋਕ ਰਾਹਤ ਸਮੱਗਰੀ ਲੈ ਕੇ ਆ ਰਹੇ ਹਨ, ਉਨ੍ਹਾਂ ਲਈ ਸਹੂਲਤ ਵਾਸਤੇ ਕੁਝ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ:
94630 60363
81466 93793
97818 35919
ਇਨ੍ਹਾਂ ਨੰਬਰਾਂ ਰਾਹੀਂ ਰਾਹਤ ਸਮੱਗਰੀ ਦੇ ਪ੍ਰਬੰਧ ਅਤੇ ਵੰਡ ਬਾਰੇ ਜਾਣਕਾਰੀ ਮਿਲੇਗੀ।
ਸੰਤ ਸੀਚੇਵਾਲ ਨੇ ਕਿਹਾ ਕਿ ਮੁਸੀਬਤ ਦੀ ਇਸ ਘੜੀ ਵਿੱਚ ਪੰਜਾਬੀ ਭਾਈਚਾਰਾ ਇਕ ਦੂਜੇ ਦੇ ਨਾਲ ਖੜ੍ਹਾ ਹੈ ਅਤੇ "ਸਰਬੱਤ ਦਾ ਭਲਾ" ਦੇ ਸਿਧਾਂਤ ਨੂੰ ਅਸਲੀਅਤ ਵਿੱਚ ਜੀ ਰਿਹਾ ਹੈ।
Get all latest content delivered to your email a few times a month.