ਤਾਜਾ ਖਬਰਾਂ
ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਦਰਜ ਹੋਏ ਇੱਕ ਨਵੇਂ ਕੇਸ ਨੇ ਵਿਧਾਇਕ ਰਮਨ ਅਰੋੜਾ ਲਈ ਮੁਸੀਬਤਾਂ ਹੋਰ ਗੰਭੀਰ ਕਰ ਦਿੱਤੀਆਂ ਹਨ। ਰਾਮਾ ਮੰਡੀ ਥਾਣੇ ਦੀ ਪੁਲਿਸ ਨੇ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਜੱਜ ਨੇ 3 ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ। ਰਿਮਾਂਡ ਮਿਲਣ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਗਈ।
ਇਹ ਮਾਮਲਾ ਐਫਆਈਆਰ ਨੰਬਰ 253 ਨਾਲ ਜੁੜਿਆ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਰਮਨ ਅਰੋੜਾ ਇੱਕ ਠੇਕੇਦਾਰ ਤੋਂ ਮਹੀਨਾ ਲੈਂਦੇ ਰਹੇ ਹਨ। ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਜੇਕਰ ਦੋਸ਼ ਪਹਿਲਾਂ ਤੋਂ ਮੌਜੂਦ ਸਨ, ਤਾਂ ਇਹ ਕੇਸ ਪਹਿਲੇ ਹੀ ਦਰਜ ਕਿਉਂ ਨਹੀਂ ਕੀਤਾ ਗਿਆ। ਹੁਣ ਉਨ੍ਹਾਂ ਨੂੰ ਐਤਵਾਰ ਨੂੰ ਦੁਬਾਰਾ ਅਦਾਲਤ ਵਿੱਚ ਲਿਆਂਦਾ ਜਾਵੇਗਾ।
ਯਾਦ ਰਹੇ ਕਿ ਕੁਝ ਦਿਨ ਪਹਿਲਾਂ ਹੀ ਰਮਨ ਅਰੋੜਾ ਨੂੰ 105 ਦਿਨ ਜੇਲ੍ਹ ‘ਚ ਰਹਿਣ ਤੋਂ ਬਾਅਦ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਮਿਲੀ ਸੀ। ਪਰ ਨਵਾਂ ਕੇਸ ਦਰਜ ਹੋਣ ਕਾਰਨ ਉਹ ਫਿਰ ਪੁਲਿਸ ਦੀ ਕਸਟਡੀ ਵਿੱਚ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੇ ਘਰ ਦੀ ਤਲਾਸ਼ੀ ਦੌਰਾਨ 6.30 ਲੱਖ ਰੁਪਏ ਅਤੇ 1200 ਗ੍ਰਾਮ ਸੋਨੇ ਦੇ ਗਹਿਣੇ ਵੀ ਬਰਾਮਦ ਹੋਏ ਸਨ।
ਇਸ ਸਾਰੇ ਕੇਸ ਵਿੱਚ ਉਨ੍ਹਾਂ ਦੇ ਪੁੱਤਰ ਰਾਜਨ ਅਰੋੜਾ, ਕੁੜਮ, ਮਹਿਲਾ ਇੰਸਪੈਕਟਰ ਹਰਪ੍ਰੀਤ ਕੌਰ ਅਤੇ ਆਰਤੀ ਮਖੀਜਾ ਨੂੰ ਵੀ ਸਾਜ਼ਿਸ਼ ਦਾ ਭਾਗੀਦਾਰ ਦੱਸਿਆ ਗਿਆ ਸੀ। ਰਾਜਨ ਨੂੰ ਹਾਈ ਕੋਰਟ ਤੋਂ ਰਾਹਤ ਮਿਲ ਚੁੱਕੀ ਹੈ, ਜਦਕਿ ਬਾਕੀ ਦੋਸ਼ੀਆਂ ਨੂੰ ਵੀ ਵੱਖ-ਵੱਖ ਤਰੀਕਾਂ ‘ਤੇ ਜ਼ਮਾਨਤ ਮਿਲ ਗਈ ਹੈ।
Get all latest content delivered to your email a few times a month.