ਤਾਜਾ ਖਬਰਾਂ
ਉੱਤਰੀ ਭਾਰਤ ਵਿੱਚ ਮੌਸਮ ਦੀ ਮਾਰ ਜਾਰੀ ਹੈ। ਕਸ਼ਮੀਰ ਤੋਂ ਲੈ ਕੇ ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਭਾਰੀ ਬਾਰਿਸ਼ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕਈ ਥਾਵਾਂ 'ਤੇ ਹੜ੍ਹ ਅਤੇ ਭੂਸਖਲਨ ਕਾਰਨ ਜਾਨੀ ਤੇ ਮਾਲੀ ਨੁਕਸਾਨ ਸਾਹਮਣੇ ਆ ਰਿਹਾ ਹੈ। ਮੌਸਮ ਵਿਭਾਗ (IMD) ਵੱਲੋਂ ਅੱਜ ਪੰਜਾਬ, ਹਰਿਆਣਾ ਅਤੇ ਦਿੱਲੀ–NCR ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਚੰਡੀਗੜ੍ਹ ਮੌਸਮ ਕੇਂਦਰ ਨੇ ਵੀ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਲੁਧਿਆਣਾ ਵਿੱਚ ਸਵੇਰੇ ਤੋਂ ਹੀ ਤਿੱਖੀ ਬਾਰਿਸ਼ ਜਾਰੀ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਬੱਦਲਾਂ ਨੇ ਡੇਰਾ ਡਾਲਿਆ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕੇ ਨਵਾਂਸ਼ਹਿਰ ਵਿੱਚ 47.3 ਮਿਲੀਮੀਟਰ ਅਤੇ ਲੁਧਿਆਣਾ ਵਿੱਚ 26.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ, ਅੰਮ੍ਰਿਤਸਰ, ਪਟਿਆਲਾ, ਫਰੀਦਕੋਟ, ਮਾਨਸਾ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਸਮੇਤ ਹੋਰ ਕਈ ਜ਼ਿਲ੍ਹਿਆਂ ਵਿੱਚ ਵੀ ਬਾਰਿਸ਼ ਹੋਈ ਹੈ। ਸੰਗਰੂਰ, ਬਰਨਾਲਾ, ਮਲੇਰਕੋਟਲਾ, ਖੰਨਾ, ਮੋਗਾ, ਜਲੰਧਰ ਅਤੇ ਹੁਸ਼ਿਆਰਪੁਰ ਦੇ ਹਿੱਸਿਆਂ ਵਿੱਚ ਅੱਜ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।
ਦੂਜੇ ਪਾਸੇ, ਹਿਮਾਚਲ ਪ੍ਰਦੇਸ਼ ਵਿੱਚ ਮੁੜ ਬਾਰਿਸ਼ ਦੀਆਂ ਖ਼ਬਰਾਂ ਨੇ ਪੰਜਾਬ ਨੂੰ ਚਿੰਤਤ ਕਰ ਦਿੱਤਾ ਹੈ। ਹਾਲਾਂਕਿ ਪਹਾੜੀ ਖੇਤਰਾਂ ਤੋਂ ਘੱਗਰ ਦਰਿਆ ਵਿੱਚ ਆ ਰਿਹਾ ਪਾਣੀ ਘੱਟਿਆ ਹੈ, ਪਰ ਹਰਿਆਣਾ ਪਾਸੋਂ ਟਾਂਗਰੀ ਅਤੇ ਮਾਰਕੰਡਾ ਦਰਿਆਵਾਂ ਰਾਹੀਂ ਪਾਣੀ ਆਉਣ ਕਰਕੇ ਦਬਾਅ ਜਾਰੀ ਹੈ। ਘਨੌਰ ਅਤੇ ਪਟਿਆਲਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਦੇ ਖੇਤ ਹੜ੍ਹ ਹੇਠ ਹਨ, ਜਿਸ ਨਾਲ ਫਸਲਾਂ ਬਰਬਾਦ ਹੋ ਰਹੀਆਂ ਹਨ। ਖਨੌਰੀ ਇਲਾਕੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਸੰਗਰੂਰ, ਪਟਿਆਲਾ ਤੇ ਮਾਨਸਾ ਜ਼ਿਲ੍ਹਿਆਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ।
ਘੱਗਰ ਦਰਿਆ ਦੇ ਸੰਵੇਦਨਸ਼ੀਲ ਪੁਆਇੰਟਾਂ 'ਤੇ ਫੌਜ, NDRF ਅਤੇ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਨੇ ਦੱਸਿਆ ਕਿ ਘੱਗਰ ਇਸ ਵੇਲੇ ਕੰਟਰੋਲ ਹੇਠ ਹੈ ਅਤੇ ਹਾਲੇ ਕੋਈ ਪਾੜ ਨਹੀਂ ਪਿਆ ਹੈ।
Get all latest content delivered to your email a few times a month.