ਤਾਜਾ ਖਬਰਾਂ
ਪੰਜਾਬ ਵਿੱਚ ਹਾਲ ਹੀ ਦੇ ਹੜ੍ਹਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਵੱਡਾ ਬਿਆਨ ਦੇ ਕੇ ਸਰਕਾਰ ਨੂੰ ਘੇਰ ਲਿਆ ਹੈ। ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸਿੱਧਾ ਦੋਸ਼ ਲਗਾਇਆ ਹੈ ਕਿ ਇਹ ਹੜ੍ਹ ਕੁਦਰਤੀ ਨਹੀਂ ਸਗੋਂ ਮਨੁੱਖੀ ਲਾਪਰਵਾਹੀ ਦਾ ਨਤੀਜਾ ਹੈ। ਰਾਜੇਵਾਲ ਨੇ ਹਾਈਕੋਰਟ ਦੇ ਸਿਟਿੰਗ ਜੱਜ ਵੱਲੋਂ ਇਸਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਰਾਜੇਵਾਲ ਨੇ ਸਵਾਲ ਚੁੱਕਿਆ ਕਿ ਕੈਲੰਡਰ ਮੁਤਾਬਿਕ ਡੈਮਾਂ 'ਚ ਪਾਣੀ ਭਰਨ ਤੇ ਖਾਲੀ ਕਰਨ ਦਾ ਸਿਸਟਮ ਹੈ, ਪਰ ਉਹ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਨਾਕਾਮੀ ਲਈ ਪੰਜਾਬ ਸਰਕਾਰ ਅਤੇ ਬੀਬੀਐਮਬੀ ਦੋਵੇਂ ਜਿੰਮੇਵਾਰ ਹਨ। ਇਥੋਂ ਤੱਕ ਕਿ ਉਹਨਾਂ ਨੇ ਲੈਫਟੀਨੈਂਟ ਕਰਨਲ ਦੇ "ਵਾਟਰ ਬੰਬ" ਵਾਲੇ ਬਿਆਨ ਨੂੰ ਯਾਦ ਕਰਦਿਆਂ ਤਿੱਖਾ ਸਵਾਲ ਕੀਤਾ ਕਿ ਕਿਤੇ ਪੰਜਾਬ ਨਾਲ ਵੀ ਸਾਜ਼ਿਸ਼ ਤਾਂ ਨਹੀਂ ਹੋਈ?
ਉਨ੍ਹਾਂ ਕਿਹਾ, “ਜਦੋਂ ਦੇਸ਼ ਨੂੰ ਲੋੜ ਪੈਂਦੀ ਹੈ ਤਾਂ ਪੰਜਾਬੀ ਸਭ ਤੋਂ ਅੱਗੇ ਹੁੰਦੇ ਹਨ, ਪਰ ਜਦੋਂ ਮੁਸੀਬਤ ਆਉਂਦੀ ਹੈ ਤਾਂ ਪੰਜਾਬੀਆਂ ਨੂੰ ਹੀ ਅਣਡਿੱਠਾ ਕਰ ਦਿੱਤਾ ਜਾਂਦਾ ਹੈ।”
ਰਾਹਤ ਸਮੱਗਰੀ ਬਾਰੇ ਅਪੀਲ ਕਰਦਿਆਂ ਰਾਜੇਵਾਲ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਫਿਲਹਾਲ ਰਾਸ਼ਨ ਭੇਜਣ ਦੀ ਥਾਂ ਲੰਗਰ ਬਣਾਕੇ ਪਹੁੰਚਾਓ ਜਾਂ ਕੁਝ ਸਮਾਂ ਇੰਤਜ਼ਾਰ ਕਰੋ, ਕਿਉਂਕਿ ਸਭ ਤੋਂ ਵੱਡੀ ਲੋੜ ਪਾਣੀ ਹੇਠੋਂ ਗਾਰਾ ਤੇ ਰੇਤ ਕੱਢਣ ਦੀ ਹੋਵੇਗੀ। ਇਸ ਵੇਲੇ ਕਲਾਕਾਰਾਂ ਨੇ ਵੱਡੀ ਮਦਦ ਕੀਤੀ ਹੈ, ਪਰ ਅਸਲੀ ਚੁਣੌਤੀ ਲੋਕਾਂ ਨੂੰ ਮੁੜ ਵਸਾਉਣ ਦੀ ਹੈ।
ਬਲਬੀਰ ਸਿੰਘ ਰਾਜੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਘੇਰਦਿਆਂ ਕਿਹਾ ਕਿ ਉਹਨਾਂ ਨੂੰ ਪੰਜਾਬ ਵਿੱਚ ਸਰਕਾਰ ਹੋਣ 'ਤੇ ਹੀ ਸ਼ੱਕ ਹੈ। “ਜਦੋਂ ਲੋਕ ਡੁੱਬ ਰਹੇ ਸਨ, ਮਾਨ ਸੈਰ ਕਰਦਾ ਫਿਰ ਰਿਹਾ ਸੀ। ਹੁਣ ਜਦੋਂ ਸਾਰਾ ਪੰਜਾਬ ਡੁੱਬ ਰਿਹਾ ਹੈ, ਉਹ ਹਸਪਤਾਲ 'ਚ ਦਾਖ਼ਲ ਹੈ। ਕਹਿੰਦੇ ਹਨ ਧੜਕਣ ਘੱਟ ਗਈ ਹੈ, ਪਰ ਸਾਨੂੰ ਲੱਗਦਾ ਹੈ ਇਹ ਸ਼ਰਾਬ ਦੀ ਵਜ੍ਹਾ ਨਾਲ ਹੈ। ਇਸਦਾ ਵਿਹਾਰ ਕਿਸੇ ਮੁੱਖ ਮੰਤਰੀ ਵਾਂਗ ਨਹੀਂ।”
ਇਸੇ ਦੌਰਾਨ, ਰਾਜੇਵਾਲ ਨੇ ਕਿਹਾ ਕਿ ਜੇਕਰ ਕੋਈ ਹਕੀਕਤ ਵਿੱਚ ਪੀੜਤਾਂ ਨਾਲ ਖੜਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ, ਜੋ ਲਗਾਤਾਰ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਅਤੇ ਬੰਦਾਂ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਮਾਲੀ ਤੇ ਹੋਰ ਮਦਦ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਸੁਖਬੀਰ ਹੀ ਪੰਜਾਬੀਆਂ ਦੇ ਨਾਲ ਖੜਾ ਹੈ, ਬਾਕੀ ਸਿਰਫ਼ ਡਰਾਮੇ ਕਰ ਰਹੇ ਹਨ।
Get all latest content delivered to your email a few times a month.