ਤਾਜਾ ਖਬਰਾਂ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਤੋਂ ਰਾਜ ਪੱਧਰੀ ਸਫਾਈ ਅਤੇ ਬਚਾਅ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਮੁੱਖ ਮੰਤਵ ਡੇਂਗੂ, ਮਲੇਰੀਆ, ਚਿਕਨਗੁਨੀਆ ਵਰਗੀਆਂ ਮੱਛਰ-ਜਨਿਤ ਬਿਮਾਰੀਆਂ ਤੋਂ ਲੈ ਕੇ ਦਸਤ, ਹੈਜ਼ਾ, ਹੈਪੇਟਾਈਟਸ, ਸੱਪ ਅਤੇ ਕੁੱਤੇ ਦੇ ਕੱਟਣ ਨਾਲ ਜੁੜੀਆਂ ਸਮੱਸਿਆਵਾਂ ਨੂੰ ਰੋਕਣਾ ਹੈ।
ਇਸ ਮੌਕੇ ਉਹਨਾਂ ਨੇ ਨਗਰ ਨਿਗਮ ਪਟਿਆਲਾ ਵਿੱਚ ਇਕ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ, ਜਿਸ ਵਿੱਚ ਮੇਅਰ, ਨਗਰ ਕਮਿਸ਼ਨਰ, ਐਸਡੀਐਮਜ਼, ਸਿਵਲ ਸਰਜਨ ਅਤੇ ਹੋਰ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਕਿਸੇ ਵੀ ਐਮਰਜੈਂਸੀ ਹਾਲਾਤ ਜਿਵੇਂ ਤੇਜ਼ ਬੁਖਾਰ, ਦਸਤ, ਦਿਲ ਦਾ ਦੌਰਾ ਜਾਂ ਸੱਪ ਅਤੇ ਕੁੱਤੇ ਦੇ ਕੱਟਣ ਦੀ ਸਥਿਤੀ ਵਿੱਚ ਤੁਰੰਤ 104 ਹੈਲਪਲਾਈਨ ਨੰਬਰ 'ਤੇ ਸੰਪਰਕ ਕੀਤਾ ਜਾਵੇ।
ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਪਟਿਆਲਾ ਵਿੱਚ ਡੇਂਗੂ ਦੇ 88 ਮਾਮਲੇ ਦਰਜ ਹੋਏ ਹਨ, ਜਦਕਿ ਪਿਛਲੇ ਸਾਲ ਇਹ ਗਿਣਤੀ ਸਿਰਫ 9 ਸੀ। ਇਸ ਵਧ ਰਹੀ ਚਿੰਤਾ ਨੂੰ ਦੇਖਦਿਆਂ ਸਾਰੇ ਵਿਭਾਗਾਂ ਨੂੰ ਮਿਲਜੁਲ ਕੇ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਖ਼ਾਸ ਕਰਕੇ ਲਾਹੌਰੀ ਗੇਟ, ਬਾਜਵਾ ਕਲੋਨੀ ਅਤੇ ਹੋਰ ਹੌਟਸਪੌਟ ਇਲਾਕਿਆਂ ਵਿੱਚ ਸਫਾਈ ਅਤੇ ਲਾਰਵਾ-ਨਾਸ਼ ਮੁਹਿੰਮ ਤੇਜ਼ ਕੀਤੀ ਜਾਵੇਗੀ।
ਡਾ. ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਪਟਿਆਲਾ ਵਿੱਚ ਹਾਲ ਹੀ ਦੇ ਦਸਤ ਪ੍ਰਕੋਪ ਨੂੰ ਕਾਬੂ ਕਰਨ ਲਈ ਪਾਣੀ ਦੀ ਸੁਰੱਖਿਆ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਵਿੱਚ ਸੱਪ ਦੇ ਕੱਟਣ ਨਾਲ ਹੋਈਆਂ ਮੌਤਾਂ 'ਤੇ ਦੁੱਖ ਪ੍ਰਗਟ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਜਿਹੇ ਮਾਮਲੇ ਵਿੱਚ ਦੇਰੀ ਨਾ ਕਰਦੇ ਹੋਏ ਹਸਪਤਾਲ ਪਹੁੰਚਿਆ ਜਾਵੇ।
ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਸਮੇਂ ਪੰਜਾਬੀਆਂ ਨੇ ਜਿਵੇਂ ਚੜ੍ਹਦੀਕਲਾ ਅਤੇ ਸੇਵਾ ਦਾ ਜਜ਼ਬਾ ਦਿਖਾਇਆ ਹੈ, ਉਸੇ ਤਰ੍ਹਾਂ ਬਿਮਾਰੀਆਂ ਖਿਲਾਫ਼ ਵੀ ਇਕੱਠੇ ਹੋ ਕੇ ਲੜਨਾ ਹੈ। ਇਸ ਸੂਬਾਈ ਮੁਹਿੰਮ ਨੂੰ ਮਜ਼ਬੂਤੀ ਦੇਣ ਲਈ ਉਹ ਖ਼ੁਦ ਸਾਰੇ 23 ਜ਼ਿਲ੍ਹਿਆਂ ਦਾ ਦੌਰਾ ਕਰਨਗੇ ਅਤੇ ਪਿੰਡ-ਵਾਰਡ ਪੱਧਰ ਦੀਆਂ ਸਿਹਤ ਕਮੇਟੀਆਂ ਨੂੰ ਦੁਬਾਰਾ ਸਰਗਰਮ ਕੀਤਾ ਜਾਵੇਗਾ।
Get all latest content delivered to your email a few times a month.