ਤਾਜਾ ਖਬਰਾਂ
ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿੱਚ ਹੜ੍ਹ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਦਾ ਜਾਇਜ਼ਾ ਲੈਂਦੇ ਹੋਏ ਪੰਜਾਬ ਦੇ ਪੰਚਾਇਤ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਪਿੰਡ ਰਾਮ ਸਿੰਘ ਭੈਣੀ ਦਾ ਕਿਸ਼ਤੀ ਰਾਹੀਂ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਿਆ ਅਤੇ ਰਾਹਤ ਸਮੱਗਰੀ ਵੀ ਕਿਸ਼ਤੀ ਰਾਹੀਂ ਵੰਡਵਾਈ।
ਮੰਤਰੀ ਸੌਂਦ ਨੇ ਕਾਂਵਾਂ ਵਾਲੀ ਪੱਤਣ ਦਾ ਵੀ ਮੁਆਇਨਾ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਹਰੇਕ ਲੋੜਵੰਦ ਤੱਕ ਰਾਹਤ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਲੋਕਾਂ ਦੀ ਸਹਾਇਤਾ ਵਿੱਚ ਜੁੱਟੀਆਂ ਹੋਈਆਂ ਹਨ।
ਇਸ ਮੌਕੇ ਫਾਜ਼ਿਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਪ੍ਰਧਾਨ ਐਸਸੀ ਵਿੰਗ ਅਤੇ ਚੁਸਪਿੰਦਰ ਸਿੰਘ ਚਾਹਲ ਸਮੇਤ ਕਈ ਹੋਰ ਹਸਤੀਆਂ ਵੀ ਹਾਜਰ ਸਨ। ਮੰਤਰੀ ਨੇ ਸਰਹੱਦੀ ਇਲਾਕਿਆਂ ਦੇ ਵਾਸੀਆਂ ਦੇ ਹੌਂਸਲੇ ਦੀ ਪ੍ਰਸ਼ੰਸਾ ਕੀਤੀ ਅਤੇ ਰਾਹਤ ਕੰਮਾਂ ਵਿੱਚ ਜੁੱਟੀਆਂ ਟੀਮਾਂ ਦੀ ਹੌਸਲਾ ਅਫਜ਼ਾਈ ਕੀਤੀ।
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਹਰੀਕੇ ਬੈਰੇਜ ਤੋਂ ਪਾਣੀ ਦੇ ਨਿਕਾਸ ਵਿੱਚ ਕਮੀ ਆਈ ਹੈ ਅਤੇ ਹੁਣ ਇਸ ਦਾ ਸਕਾਰਾਤਮਕ ਅਸਰ ਫਾਜ਼ਿਲਕਾ ਵਿੱਚ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਸਿਹਤ ਸੰਬੰਧੀ ਚੁਣੌਤੀਆਂ ਤੋਂ ਬਚਣ ਲਈ ਸਿਹਤ ਵਿਭਾਗ ਨੂੰ ਪਹਿਲਾਂ ਹੀ ਚੌਕਸ ਰਹਿਣ ਲਈ ਹਦਾਇਤ ਕੀਤੀ ਗਈ ਹੈ।
ਕੈਬਨਿਟ ਮੰਤਰੀ ਨੇ ਰਾਸ਼ਨ ਅਤੇ ਹੋਰ ਰਾਹਤ ਸਮੱਗਰੀ ਲੈ ਕੇ ਆਉਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਐਸਡੀਐਮ ਵੀਰਪਾਲ ਕੌਰ, ਡੀਐਸਪੀ ਅਵਿਨਾਸ਼ ਚੰਦਰ ਅਤੇ ਡੀਡੀਪੀਓ ਨੀਰੂ ਗਰਗ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਮੰਤਰੀ ਸੌਂਦ ਨੇ ਸਿਵਲ ਹਸਪਤਾਲ ਵਿੱਚ ਸੱਪ ਦੇ ਡੰਗ ਨਾਲ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਅਤੇ ਭਰੋਸਾ ਦਿਵਾਇਆ ਕਿ ਸਰਕਾਰ ਇਸ ਦੁਖਦਾਈ ਘੜੀ ਵਿੱਚ ਪੀੜਤ ਪਰਿਵਾਰ ਦੇ ਨਾਲ ਖੜੀ ਹੈ।
Get all latest content delivered to your email a few times a month.