ਤਾਜਾ ਖਬਰਾਂ
ਫਰੀਦਕੋਟ ਦੇ ਭਾਈ ਘਨਈਆ ਜੀ ਚੌਂਕ 'ਚ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਨੇ ਇੱਕ ਵਿਵਾਦਤ ਏਆਈ ਐਪ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਐਪ ਰਾਹੀਂ ਸਿੱਖ ਗੁਰੂਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਧਾਰਮਿਕ ਸਥਾਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਛੇੜਛਾੜ ਕਰਕੇ ਫ਼ਰਜ਼ੀ ਸਮੱਗਰੀ ਬਣਾਈ ਜਾ ਰਹੀ ਹੈ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਗਹਿਰਾ ਝਟਕਾ ਪਹੁੰਚਿਆ ਹੈ।
ਬਾਬਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ 10 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ, ਪਰ ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੇ ਭੁੱਖ ਹੜਤਾਲ ਦਾ ਰਾਹ ਚੁਣਿਆ। ਹਾਲਾਂਕਿ, ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਯਕੀਨਦਿਹਾਨੀ ਦੇਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਸੰਘਰਸ਼ ਅਸਥਾਈ ਤੌਰ 'ਤੇ ਰੋਕ ਦਿੱਤਾ।
ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਬਾਬਾ ਜੀ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਭੇਜਿਆ ਗਿਆ ਹੈ ਅਤੇ ਸਾਰੀ ਜਾਣਕਾਰੀ ਉੱਪਰ ਪਹੁੰਚਾਈ ਜਾ ਰਹੀ ਹੈ। ਇਸ ਦੌਰਾਨ, ਐਸਪੀ ਮਨਿੰਦਰਬੀਰ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੋ ਵੀ ਵਿਅਕਤੀ ਗੁਰੂ ਸਾਹਿਬਾਨ, ਹੋਰ ਧਾਰਮਿਕ ਆਗੂਆਂ ਜਾਂ ਪਵਿੱਤਰ ਸਥਾਨਾਂ ਦੀ ਬੇਅਦਬੀ ਕਰੇਗਾ, ਉਸਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬੇਅਦਬੀ ਦੇ ਮਾਮਲੇ 'ਚ ਪਹਿਲਾਂ ਹੀ ਐਫਆਈਆਰ ਦਰਜ ਕਰਕੇ ਉਸਦੀ ਕਾਪੀ ਪ੍ਰਦਰਸ਼ਨਕਾਰੀਆਂ ਨਾਲ ਸਾਂਝੀ ਕੀਤੀ ਗਈ ਹੈ।
ਸਿੱਖ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਬੰਧਿਤ ਐਪਸ 'ਤੇ ਤੁਰੰਤ ਪਾਬੰਦੀ ਨਹੀਂ ਲਗਾਈ ਗਈ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਇਹ ਸੰਘਰਸ਼ ਹੋਰ ਵੱਡੇ ਪੱਧਰ 'ਤੇ ਤੇਜ਼ ਕੀਤਾ ਜਾਵੇਗਾ।
Get all latest content delivered to your email a few times a month.