ਤਾਜਾ ਖਬਰਾਂ
ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਇੱਕ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਜਲਦੀ ਹੀ ਨਵੀਂ ਨੀਤੀ ਲਾਗੂ ਕੀਤੀ ਜਾਵੇਗੀ, ਜਿਸ ਨਾਲ ਕਿਸਾਨ ਆਪਣੇ ਖੇਤਾਂ ਵਿੱਚ ਜਮ੍ਹੀ ਰੇਤ ਨੂੰ ਬਿਨਾਂ ਕਿਸੇ ਰੁਕਾਵਟ ਦੇ ਹਟਾ ਸਕਣਗੇ।
ਹੜ੍ਹਾਂ ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ ਵਿੱਚ ਰੇਤ ਦੀ ਮੋਟੀ ਪਰਤ ਖੇਤਾਂ 'ਤੇ ਪੈ ਗਈ ਹੈ, ਜਿਸ ਨਾਲ ਨਾ ਸਿਰਫ਼ ਮੌਜੂਦਾ ਫਸਲ ਬਰਬਾਦ ਹੋਈ ਹੈ, ਸਗੋਂ ਅਗਲੀ ਬਿਜਾਈ 'ਤੇ ਵੀ ਖਤਰਾ ਮੰਡਰਾ ਰਿਹਾ ਹੈ। ਸਿਸੋਦੀਆ ਦੇ ਅਨੁਸਾਰ, ਮੌਜੂਦਾ ਮਾਈਨਿੰਗ ਨਿਯਮਾਂ ਅਨੁਸਾਰ ਕਿਸਾਨਾਂ ਨੂੰ ਆਪਣੇ ਖੇਤਾਂ ਤੋਂ ਰੇਤ ਹਟਾਉਣ ਦੀ ਇਜਾਜ਼ਤ ਨਹੀਂ ਹੈ। ਪਰ ਹੜ੍ਹਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਚਰਚਾ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਨੀਤੀ 'ਚ ਤਬਦੀਲੀ ਕਰਕੇ ਕਿਸਾਨਾਂ ਨੂੰ ਇਹ ਹੱਕ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਹੜ੍ਹ-ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਕਿਸਾਨਾਂ ਵੱਲੋਂ ਇਹ ਮੁੱਦਾ ਵਾਰੰ-ਵਾਰ ਉਠਾਇਆ ਗਿਆ। ਲੋਕ ਘਰਾਂ ਦੇ ਨੁਕਸਾਨ, ਪਸ਼ੂਆਂ ਦੀ ਸੁਰੱਖਿਆ ਅਤੇ ਬਿਮਾਰੀਆਂ ਦੀਆਂ ਚਿੰਤਾਵਾਂ ਤੋਂ ਇਲਾਵਾ ਸਭ ਤੋਂ ਵੱਧ ਇਸ ਗੱਲ ਨਾਲ ਪਰੇਸ਼ਾਨ ਹਨ ਕਿ ਜੇ ਖੇਤਾਂ ਤੋਂ ਰੇਤ ਨਾ ਹਟਾਈ ਗਈ ਤਾਂ ਆਉਣ ਵਾਲੀ ਫਸਲ ਵੀ ਬਰਬਾਦ ਹੋ ਜਾਵੇਗੀ।
Get all latest content delivered to your email a few times a month.