ਤਾਜਾ ਖਬਰਾਂ
ਪੰਜਾਬ ਵਿੱਚ ਅਪਰਾਧਕ ਗਿਰੋਹਾਂ ਦੇ ਨੈੱਟਵਰਕ ਨੂੰ ਤੋੜਨ ਲਈ ਚੱਲ ਰਹੀ ਕਾਰਵਾਈ ਨੂੰ ਇਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਬਠਿੰਡਾ ਦੇ ਮਾਹੀ ਨੰਗਲ ਨਿਵਾਸੀ ਬਲਜਿੰਦਰ ਸਿੰਘ ਉਰਫ਼ ਰੈਂਚ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਤੋਂ ਪੰਜ .32 ਬੋਰ ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਜ਼ਬਤ ਕੀਤੇ ਹਨ।
ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਗੌਰਵ ਯਾਦਵ ਨੇ ਦੱਸਿਆ ਕਿ ਰੈਂਚ, ਵਿਦੇਸ਼ ਅਧਾਰਿਤ ਗੈਂਗਸਟਰ ਗੋਲਡੀ ਬਰਾੜ ਨਾਲ ਸੀਧੇ ਤੌਰ ‘ਤੇ ਜੁੜਿਆ ਹੋਇਆ ਹੈ ਅਤੇ ਉਸਦਾ ਮਕਸਦ ਰਾਜ ਦੀ ਸ਼ਾਂਤੀ ਭੰਗ ਕਰਨਾ ਸੀ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਗੋਲਡੀ ਬਰਾੜ ਦੇ ਹੀ ਆਦੇਸ਼ ‘ਤੇ ਉਸਦੇ ਨੇੜਲੇ ਸਾਥੀ ਮਲਕੀਤ ਸਿੰਘ ਉਰਫ਼ ਕਿੱਟਾ ਭਾਨੀ (ਜੋ ਇਸ ਵੇਲੇ ਕਪੂਰਥਲਾ ਜੇਲ੍ਹ ‘ਚ ਬੰਦ ਹੈ) ਰਾਹੀਂ ਪ੍ਰਾਪਤ ਕੀਤੇ ਗਏ ਸਨ।
ਗ੍ਰਿਫ਼ਤਾਰ ਵਿਅਕਤੀ ਦਾ ਪਹਿਲਾਂ ਤੋਂ ਹੀ ਅਪਰਾਧਿਕ ਇਤਿਹਾਸ ਹੈ ਅਤੇ ਉਸਦੇ ਖ਼ਿਲਾਫ਼ NDPS ਐਕਟ ਹੇਠ ਕੇਸ ਦਰਜ ਹਨ। ਪੁਲਿਸ ਦੇ ਅਨੁਸਾਰ, ਹੋਰ ਗੈਂਗ ਮੈਂਬਰਾਂ ਨਾਲ ਇਸਦੇ ਸਬੰਧਾਂ ਦੀ ਪੜਤਾਲ ਲਈ ਜਾਂਚ ਜਾਰੀ ਹੈ ਤਾਂ ਜੋ ਪੂਰੇ ਗਠਜੋੜ ਨੂੰ ਬੇਨਕਾਬ ਕੀਤਾ ਜਾ ਸਕੇ।
ਏਡੀਜੀਪੀ AGTF ਪ੍ਰਮੋਦ ਬਾਨ ਨੇ ਜਾਣਕਾਰੀ ਦਿੱਤੀ ਕਿ DSP ਜਸਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੂੰ ਖ਼ਬਰ ਮਿਲੀ ਸੀ ਕਿ ਗੋਲਡੀ ਬਰਾੜ ਗੈਂਗ ਵੱਲੋਂ ਪੰਜਾਬ ‘ਚ ਵੱਡਾ ਅਪਰਾਧ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਤੁਰੰਤ ਕਾਰਵਾਈ ਕਰਦਿਆਂ, ਟੀਮ ਨੇ ਮਲੋਟ-ਮੁਕਤਸਰ ਨਵੇਂ ਬਾਈਪਾਸ ਫ਼ਲਾਈਓਵਰ ਦੇ ਹੇਠਾਂ ਤੋਂ ਬਲਜਿੰਦਰ ਰੈਂਚ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਪ੍ਰਾਪਤ ਕੀਤੀ।
ਇਸ ਸਬੰਧੀ ਥਾਣਾ ਸਦਰ ਮਲੋਟ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25(7)(8) ਹੇਠ ਐਫਆਈਆਰ ਨੰਬਰ 84, ਮਿਤੀ 07.09.2025 ਦਰਜ ਕੀਤੀ ਗਈ ਹੈ।
Get all latest content delivered to your email a few times a month.