ਤਾਜਾ ਖਬਰਾਂ
ਸਿਹਤ ਮੰਤਰੀ ਨੇ ਸੂਬੇ ਦੀ ਵਿਆਪਕ ਰਿਕਵਰੀ ਲਈ ਪ੍ਰਧਾਨ ਮੰਤਰੀ ਮੋਦੀ ਨੂੰ 20,000 ਕਰੋੜ ਰੁਪਏ ਦੀ ਤੁਰੰਤ ਵਿੱਤੀ ਸਹਾਇਤਾ ਲਈ ਕੀਤੀ ਅਪੀਲ
60,000 ਕਰੋੜ ਰੁਪਏ ਦੇ ਰੁਕੇ ਹੋੲ ਫੰਡ ਤੁਰੰਤ ਜਾਰੀ ਕਰਨ ਦੀ ਮੰਗ ਨੂੰ ਦੁਹਰਾਇਆ
ਚੰਡੀਗੜ੍ਹ, 8 ਸਤੰਬਰ:
ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸੋਮਵਾਰ ਨੂੰ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਸੂਬੇ ਦੇ ਮਹੱਤਵਪੂਰਨ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਹੋਏ ਭਾਰੀ ਨੁਕਸਾਨ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਮੁੱਢਲੇ ਅਨੁਮਾਨਾਂ ਅਨੁਸਾਰ 780 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਪੰਜਾਬ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੜ੍ਹਾਂ ਨੇ ਰਾਜ ਦੀ ਜਨਤਕ ਸਿਹਤ ਪ੍ਰਣਾਲੀ ਨੂੰ ਵੱਡੀ ਢਾਅ ਲਾਈ ਹੈ , ਜਿਸ ਨਾਲ ਰਾਜ ਭਰ ਵਿੱਚ ਸਿਹਤ ਸਹੂਲਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੰਤਰੀ ਦੇ ਨਾਲ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ ਅਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਵੀ ਮੌਜੂਦ ਸਨ।
ਸਿਹਤ ਮੰਤਰੀ ਨੇ ਸਿਹਤ ਸੰਭਾਲ ਪ੍ਰਣਾਲੀ ਦੇ ਨੁਕਸਾਨ ਬਾਰੇ ਦੱਸਦਿਆਂ ਕਿਹਾ ਕਿ ਹੜ੍ਹਾਂ ਕਾਰਨ 130 ਕਰੋੜ ਰੁਪਏ ਦੀਆਂ ਦਵਾਈਆਂ ਨਸ਼ਟ ਹੋ ਗਈਆਂ ਹਨ। ਇਸ ਤੋਂ ਇਲਾਵਾ 1,280 ਡਿਸਪੈਂਸਰੀਆਂ ਅਤੇ ਸਿਹਤ ਅਤੇ ਤੰਦਰੁਸਤੀ ਕੇਂਦਰ, 101 ਕਮਿਊਨਿਟੀ ਸਿਹਤ ਕੇਂਦਰ ਅਤੇ ਰਾਜ ਦੇ 41 ਸਬ-ਡਵੀਜ਼ਨਲ ਹਸਪਤਾਲਾਂ ਵਿੱਚੋਂ 31 ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਸ਼ੁਰੂਆਤੀ ਨੁਕਸਾਨ ਲਗਭਗ 780 ਕਰੋੜ ਰੁਪਏ ਹੋ ਗਿਆ ਹੈ।
ਉਨ੍ਹਾਂ ਕਿਹਾ,“ਇਸ ਭਾਰੀ ਵਿਨਾਸ਼ ਦੇ ਬਾਵਜੂਦ ਸਿਹਤ ਵਿਭਾਗ ਵਿੱਚ ਪ੍ਰਮੁੱਖ ਸਕੱਤਰ ਤੋਂ ਆਸ਼ਾ ਵਰਕਰਾਂ ਤੱਕ੍ਹ ਹਰ ਕੋਈ ਹੜ ਪ੍ਰਭਾਵਿਤ ਖੇਤਰਾਂ ਵਿੱਚ ਨਿਰੰਤਰ ਸੇਵਾ ਕਰ ਰਿਹਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਸਾਡੀਆਂ ਮੈਡੀਕਲ ਟੀਮਾਂ ਲੋੜਵੰਦ ਲੋਕਾਂ ਨੂੰ ਹਰ ਸੰਭਵ ਤਰੀਕੇ, ਭਾਵੇਂ ਐਂਬੂਲੈਂਸਾਂ ਹੋਣ ਜਾਂ ਕਿਸ਼ਤੀਆਂ ਜਾਂ ਹੈਲੀਕਾਪਟਰ ਦੀ ਵਰਤੋਂ ਕਰਕੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪਹਿਲਾਂ ਹੀ ਕੇਂਦਰੀ ਸਿਹਤ ਮੰਤਰੀ, ਜੇ.ਪੀ. ਨੱਡਾ ਨੂੰ ਪੱਤਰ ਲਿਖ ਕੇ ਮਾਰੂ ਪ੍ਰਭਾਵ ਦਾ ਵੇਰਵਾ ਦੇ ਦਿੱਤਾ ਹੈ ਅਤੇ ਸਿਹਤ ਖੇਤਰ ਲਈ ਤੁਰੰਤ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ।ਹੁਣ ਮੰਗਲਵਾਰ ਨੂੰ ਪੰਜਾਬ ਦੌਰੇ ਤੇ ਆ ਰਹੇ ਪ੍ਰਧਾਨ ਮੰਤਰੀ ਨੂੰ ਉਹਨਾਂ ਦੀ ਸਿੱਧੀ ਅਪੀਲ ਹੈ ਕਿ ਪੰਜਾਬ ਨੂੰ ਬਣਦੀ ਵਿੱਤੀ ਸਹਾਇਤਾ ਜਲਦੀ ਤੋਂ ਜਲਦੀ ਦਿੱਤੀ ਜਾਵੇ ।
ਡਾ. ਬਲਬੀਰ ਸਿੰਘ ਨੇ ਕਿਹਾ , “ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਸਿਹਤ ਸੰਭਾਲ ਦੀ ਰੀੜ੍ਹ ਟੁੱਟ ਗਈ ਹੈ। ਇਸ ਵਿੱਚ ਸਿਰਫ਼ ਇਮਾਰਤਾਂ ਨਹੀਂ ਸਗੋਂ ਜੀਵਨ-ਰੱਖਿਅਕ ਉਪਕਰਣ, ਜ਼ਰੂਰੀ ਦਵਾਈਆਂ ਅਤੇ ਭਾਰੀ ਨੁਕਸਾਨ ਕਾਰਨ ਲੱਖਾਂ ਪੰਜਾਬੀਆਂ ਦੀ ਦੇਖ-ਭਾਲ ਤੇ ਮੁੜ ਵਸੇਬਾ ਵੀ ਸ਼ਾਮਲ ਹੈ। ਅਸੀਂ ਪ੍ਰਧਾਨ ਮੰਤਰੀ ਦੇ ਦੌਰੇ ਦਾ ਸਵਾਗਤ ਕਰਦੇ ਹਾਂ, ਪਰ ਸਾਨੂੰ ਇੱਕਜੁਟਤਾ ਦੀ ਜਿ਼ਆਦਾ ਲੋੜ ਹੈ।ਉਨ੍ਹਾਂ ਕਿਹਾ ਕਿ ਸਾਨੂੰ ਜ਼ਰੂਰੀ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਅਤੇ ਵਿਆਪਕ ਰਾਜ ਦੀ ਰਿਕਵਰੀ ਲਈ ਘੱਟੋ-ਘੱਟ 20,000 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਦੀ ਤੁਰੰਤ ਲੋੜ ਹੈ।
ਸਿਹਤ ਮੰਤਰੀ ਨੇ ਕੇਂਦਰ ਦੁਆਰਾ ਰੋਕੇ ਗਏ 60,000 ਕਰੋੜ ਰੁਪਏ ਦੇ ਫੰਡਾਂ ਨੂੰ ਤੁਰੰਤ ਜਾਰੀ ਕਰਨ ਦੀ ਸੂਬਾ ਸਰਕਾਰ ਦੀ ਮੰਗ ਨੂੰ ਵੀ ਦੁਹਰਾਇਆ , ਜੋ ਕਿ ਪੰਜਾਬ ਦੀ ਹੜ੍ਹ ਪ੍ਰਭਾਵਿਤ ਅਰਥਵਿਵਸਥਾ ਦੀ ਸਮੁੱਚੀ ਰਿਕਵਰੀ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੜ ਸੁਰਜੀਤ ਹੋ ਰਹੀ ਆਬਾਦੀ ਅਤੇ ਅਰਥਚਾਰੇ ਲਈ ਇੱਕ ਮਜ਼ਬੂਤ ਸਿਹਤ ਪ੍ਰਣਾਲੀ ਬਹੁਤ ਜ਼ਰੂਰੀ ਹੈ।
ਡਾ. ਬਲਬੀਰ ਸਿੰਘ ਨੇ ਕੇਂਦਰੀ ਖੇਤੀਬਾੜੀ ਮੰਤਰੀ ਸਿ਼ਵਰਾਜ ਸਿੰਘ ਚੌਹਾਨ ਦੇ ਸੌੜੇ ਅਤੇ ਗ਼ੈਰ-ਜਿੰਮੇਵਾਰਨਾ ਨਜ਼ਰੀਏ `ਤੇ ਵੀ ਸਵਾਲ ਉਠਾਉਂਦਿਆਂ ਪ੍ਰਧਾਨ ਮੰਤਰੀ ਨੂੰ ਪੰਜਾਬ ਦੀ ਦੁਰਦਸ਼ਾ ਪ੍ਰਤੀ ਇੱਕ ਵਿਆਪਕ, ਹਮਦਰਦੀਪੂਰਨ ਨਜ਼ਰੀਆ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕਿਹਾ ਕਿ ਲੋਕਾਂ ਨੂੰ ਸਿਰਫ਼ ਜਜ਼ਬਾਤੀ ਗੱਲਾਂ ਜਾਂ ਫੋਕੇ ਵਾਅਦੇ ਨਹੀਂ, ਸਗੋਂ ਸੱਚ-ਮੁੱਚ ਠੋਸ ਕਾਰਵਾਈ ਅਤੇ ਤੁਰੰਤ ਫੰਡਾਂ ਦੀ ਲੋੜ ਹੈ।
ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਪ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਸੰਕਟ ਦੌਰਾਨ ਲੋਕਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਪੰਜਾਬ ਲਈ ਇੱਕ ਮਜ਼ਬੂਤ, ਵਧੇਰੇ ਕਾਰਗਰ ਸਿਹਤ ਸੰਭਾਲ ਪ੍ਰਣਾਲੀ ਦੀ ਪੁਨਰ ਸੁਰਜੀਤੀ ਲਈ ਲੋੜੀਂਦੀ ਰਾਹਤ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਡੱਟ ਕੇ ਵਕਾਲਤ ਕਰਦੀ ਰਹੇਗੀ।
ਇਸ ਦੌਰਾਨ ਸਿਹਤ ਮੰਤਰੀ ਵੱਲੋਂ ਗੈਰ-ਸਰਕਾਰੀ ਸੰਗਠਨਾਂ (ਐਨ.ਜੀ.ਓ.) ਅਤੇ ਵਲੰਟੀਅਰਾਂ ਦਾ ਵੀ ਨਿਰਸਵਾਰਥ ਅੱਗੇ ਆਉਣ ਅਤੇ ਤਨਦੇਹੀ ਨਾਲ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਧੰਨਵਾਦ ਕੀਤਾ ਗਿਆ।
Get all latest content delivered to your email a few times a month.