ਤਾਜਾ ਖਬਰਾਂ
ਸਤਲੁਜ ਦਰਿਆ ਵਿੱਚ ਹਰੀਕੇ ਹੈੱਡ ਵਰਕਸ ਤੋਂ ਵੱਧ ਪਾਣੀ ਛੱਡੇ ਜਾਣ ਨਾਲ ਪਿੰਡ ਸਭਰਾਂ ਦੇ ਨੇੜੇ ਬੰਨ੍ਹ ‘ਤੇ ਮੁੜ ਸੰਕਟ ਖੜਾ ਹੋ ਗਿਆ ਹੈ। ਅੱਜ ਸਵੇਰੇ ਤੜਕੇ ਪਾਡਿਆਂ ਦੀਆਂ ਬਹੇਕਾਂ ਕੋਲ ਲਗਭਗ 20 ਫੁੱਟ ਹਿੱਸਾ ਅਚਾਨਕ ਢਹਿ ਗਿਆ, ਜਿਸ ਨਾਲ ਪਿੰਡ ਵਾਸੀਆਂ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ।
ਲੋਕ ਤੁਰੰਤ ਇਕੱਠੇ ਹੋਏ ਅਤੇ ਸੋਸ਼ਲ ਮੀਡੀਆ ਰਾਹੀਂ ਹੋਰਾਂ ਨੂੰ ਵੀ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਮੌਕੇ ‘ਤੇ ਪਹੁੰਚ ਕੇ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਵਿੱਚ ਸਹਿਯੋਗ ਦਿਓ। ਬਚਾਅ ਲਈ ਵੱਡੇ ਪੱਧਰ ‘ਤੇ ਮਿੱਟੀ ਅਤੇ ਬੋਰੀਆਂ ਪਾ ਕੇ ਖਿਸਕਦੇ ਹਿੱਸੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਗੌਰ ਕਰਨਯੋਗ ਹੈ ਕਿ ਸਾਲ 2023 ਵਿੱਚ ਘੜੋਮ ਦੇ ਕੋਲ ਬੰਨ੍ਹ ਟੁੱਟਣ ਨਾਲ ਇਸ ਇਲਾਕੇ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਉਸ ਤੋਂ ਬਾਅਦ ਲੋਕਾਂ ਵਿੱਚ ਅਜੇ ਵੀ ਡਰ ਬਣਿਆ ਹੋਇਆ ਹੈ।
ਸਥਾਨਕ ਨਿਵਾਸੀ ਬਾਬਾ ਸਾਰਜ ਸਿੰਘ, ਗੁਰਚਰਨਪ੍ਰੀਤ ਸਿੰਘ ਅਤੇ ਪਿੰਡ ਪ੍ਰਧਾਨ ਸੋਹਣ ਸਿੰਘ ਨੇ ਦੱਸਿਆ ਕਿ ਲਗਾਤਾਰ 25 ਦਿਨ ਤੋਂ ਪਿੰਡ ਵਾਸੀ ਆਪਣਾ ਸਾਰਾ ਕੰਮ ਛੱਡ ਕੇ ਬੰਨ੍ਹ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦਾ ਵਹਾਅ ਅਜੇ ਵੀ ਤੇਜ਼ ਹੈ ਅਤੇ ਜਦ ਤੱਕ ਇਸਦਾ ਪੱਧਰ ਘੱਟ ਨਹੀਂ ਹੁੰਦਾ, ਲੋਕ ਡਟ ਕੇ ਬੰਨ੍ਹ ਦੀ ਸੁਰੱਖਿਆ ਕਰਦੇ ਰਹਿਣਗੇ।
ਇਸੇ ਨਾਲ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਮੌਕੇ ‘ਤੇ ਟੀਮਾਂ ਭੇਜੀਆਂ ਜਾਣ ਤਾਂ ਜੋ ਬੰਨ੍ਹ ਨੂੰ ਪੂਰੀ ਤਰ੍ਹਾਂ ਟੁੱਟਣ ਤੋਂ ਬਚਾਇਆ ਜਾ ਸਕੇ ਅਤੇ ਵੱਡੇ ਨੁਕਸਾਨ ਨੂੰ ਰੋਕਿਆ ਜਾ ਸਕੇ।
Get all latest content delivered to your email a few times a month.