ਤਾਜਾ ਖਬਰਾਂ
ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨੇਸਮੈਨ ਰਾਜ ਕੁੰਦਰਾ ਲਈ ਮੁਸ਼ਕਲਾਂ ਹੋਰ ਗਹਿਰੀਆਂ ਹੋ ਗਈਆਂ ਹਨ। ਮੁੰਬਈ ਪੁਲਿਸ ਦੀ EOW (ਆਰਥਿਕ ਅਪਰਾਧ ਸ਼ਾਖਾ) ਨੇ ਉਨ੍ਹਾਂ ਨੂੰ 60.48 ਕਰੋੜ ਰੁਪਏ ਦੀ ਵੱਡੀ ਧੋਖਾਧੜੀ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਹੈ। ਕੁੰਦਰਾ ਨੂੰ ਹੁਣ 15 ਸਤੰਬਰ ਨੂੰ ਦਫ਼ਤਰ ਹਾਜ਼ਰ ਹੋ ਕੇ ਆਪਣਾ ਬਿਆਨ ਦਰਜ ਕਰਵਾਉਣਾ ਪਵੇਗਾ।
ਸੂਤਰਾਂ ਮੁਤਾਬਕ, ਇਹ ਮਾਮਲਾ ਪਹਿਲਾਂ ਜੁਹੂ ਪੁਲਿਸ ਥਾਣੇ ਵਿੱਚ ਦਰਜ ਸੀ, ਪਰ ਧੋਖੇ ਦੀ ਰਕਮ 10 ਕਰੋੜ ਤੋਂ ਵੱਧ ਹੋਣ ਕਰਕੇ ਕੇਸ ਨੂੰ EOW ਵੱਲ ਟ੍ਰਾਂਸਫਰ ਕਰ ਦਿੱਤਾ ਗਿਆ। ਪੁਲਿਸ ਨੇ ਰਾਜ ਕੁੰਦਰਾ, ਸ਼ਿਲਪਾ ਸ਼ੈੱਟੀ ਅਤੇ ਇੱਕ ਹੋਰ ਵਿਅਕਤੀ ਵਿਰੁੱਧ IPC ਦੀਆਂ ਧਾਰਾਵਾਂ 403 (ਜਾਇਦਾਦ ਦੀ ਗਲਤ ਵਰਤੋਂ), 406 (ਭਰੋਸਾ ਤੋੜਨਾ) ਅਤੇ 34 (ਸਾਂਝਾ ਮਨਸ਼ਾ) ਤਹਿਤ ਕਾਰਵਾਈ ਕੀਤੀ ਹੈ।
ਲੁੱਕਆਉਟ ਸਰਕੂਲਰ ਜਾਰੀ ਕੀਤਾ ਗਿਆ
EOW ਨੇ ਹਾਲ ਹੀ ਵਿੱਚ ਸ਼ਿਲਪਾ ਅਤੇ ਰਾਜ ਖ਼ਿਲਾਫ਼ LOC (ਲੁੱਕਆਉਟ ਸਰਕੂਲਰ) ਵੀ ਜਾਰੀ ਕੀਤਾ ਸੀ। ਕਾਰਨ ਇਹ ਸੀ ਕਿ ਇਹ ਜੋੜਾ ਅਕਸਰ ਵਿਦੇਸ਼ ਜਾਂਦਾ ਰਹਿੰਦਾ ਹੈ। ਜਾਂਚ ਦੌਰਾਨ ਉਹ ਦੇਸ਼ ਛੱਡ ਨਾ ਸਕਣ, ਇਸ ਲਈ ਇਹ ਕਦਮ ਚੁੱਕਿਆ ਗਿਆ।
ਸ਼ਿਕਾਇਤਕਾਰ ਨੇ ਲਾਇਆ ਗੰਭੀਰ ਦੋਸ਼
ਇਹ ਕੇਸ ਲੋਟਸ ਕੈਪੀਟਲ ਫਾਇਨੈਂਸ਼ਲ ਸਰਵਿਸਿਜ਼ ਦੇ ਡਾਇਰੈਕਟਰ ਦੀਪਕ ਕੋਠਾਰੀ ਦੀ ਸ਼ਿਕਾਇਤ 'ਤੇ ਦਰਜ ਹੋਇਆ। ਕੋਠਾਰੀ ਦਾ ਦਾਅਵਾ ਹੈ ਕਿ 2015 ਤੋਂ 2023 ਦੇ ਦਰਮਿਆਨ ਰਾਜ ਅਤੇ ਸ਼ਿਲਪਾ ਨੇ ਕੰਪਨੀ ਦੇ ਵਿਸਥਾਰ ਦੇ ਨਾਂ 'ਤੇ 60 ਕਰੋੜ ਤੋਂ ਵੱਧ ਦੀ ਰਕਮ ਹਾਸਲ ਕੀਤੀ, ਪਰ ਇਸਨੂੰ ਨਿੱਜੀ ਖਰਚਿਆਂ 'ਤੇ ਲਗਾਇਆ ਗਿਆ।
ਕੋਠਾਰੀ ਮੁਤਾਬਕ, ਸ਼ੁਰੂ ਵਿੱਚ 12% ਸਾਲਾਨਾ ਵਿਆਜ 'ਤੇ 75 ਕਰੋੜ ਰੁਪਏ ਦੀ ਲੋਨ ਡੀਲ ਤੈਅ ਹੋਈ ਸੀ, ਪਰ ਬਾਅਦ ਵਿੱਚ ਟੈਕਸ ਤੋਂ ਬਚਣ ਲਈ ਇਸਨੂੰ ਨਿਵੇਸ਼ ਵਜੋਂ ਦਰਸਾਉਣ ਦੀ ਸਲਾਹ ਦਿੱਤੀ ਗਈ। ਉਸਨੇ ਅਪ੍ਰੈਲ 2015 ਵਿੱਚ 31.95 ਕਰੋੜ ਅਤੇ ਸਤੰਬਰ 2015 ਵਿੱਚ 28.53 ਕਰੋੜ ਰੁਪਏ ਬੈਸਟ ਡੀਲ ਟੀਵੀ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਸਨ।
Get all latest content delivered to your email a few times a month.