ਤਾਜਾ ਖਬਰਾਂ
ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਆ ਰਿਹਾ ਹੈ। ਡਾਕਟਰਾਂ ਵੱਲੋਂ ਮਿਲੀਆਂ ਤਾਜ਼ਾ ਰਿਪੋਰਟਾਂ ਵੀ ਠੀਕ ਆਈਆਂ ਹਨ, ਜਿਸ ਨਾਲ ਹਸਪਤਾਲ ਪਰਿਵਾਰ ਅਤੇ ਸਰਕਾਰ ਵਿੱਚ ਰਾਹਤ ਦੀ ਲਹਿਰ ਹੈ।
ਇਸ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਹਸਪਤਾਲ ਪਹੁੰਚੇ ਅਤੇ ਮੁੱਖ ਮੰਤਰੀ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਨਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਕਈ ਹੋਰ ਉੱਚ ਅਧਿਕਾਰੀ ਵੀ ਮੌਜੂਦ ਰਹੇ। ਰਾਜਪਾਲ ਨੇ ਕਿਹਾ ਕਿ CM ਮਾਨ ਨੇ ਖਾਸ ਤੌਰ ‘ਤੇ ਉਨ੍ਹਾਂ ਤੋਂ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਚਰਚਾ ਬਾਰੇ ਜਾਣਕਾਰੀ ਲਈ।
ਰਾਜਪਾਲ ਕਟਾਰੀਆ ਦੇ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਨਾ ਸਿਰਫ ਪੰਜਾਬ ਦੇ ਹੜ੍ਹ ਹਾਲਾਤਾਂ ਨੂੰ ਲੈ ਕੇ ਗੰਭੀਰ ਹਨ, ਸਗੋਂ ਉਹ ਮੁੱਖ ਮੰਤਰੀ ਮਾਨ ਦੀ ਸਿਹਤ ਨੂੰ ਲੈ ਕੇ ਵੀ ਚਿੰਤਤ ਨਜ਼ਰ ਆਏ। ਦੌਰੇ ਦੌਰਾਨ ਮੋਦੀ ਨੇ ਕਈ ਵਾਰ ਮਾਨ ਦੀ ਤਬੀਅਤ ਬਾਰੇ ਪੁੱਛਿਆ ਅਤੇ ਭਰੋਸਾ ਦਿਵਾਇਆ ਕਿ ਜਲਦੀ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ।
ਇਸ ਦੇ ਨਾਲ ਹੀ, ਕੇਂਦਰ ਸਰਕਾਰ ਵੱਲੋਂ ਹੜ੍ਹ ਰਾਹਤ ਲਈ ਪੰਜਾਬ ਨੂੰ 1600 ਕਰੋੜ ਰੁਪਏ ਦੀ ਟੋਕਨ ਰਕਮ ਜਾਰੀ ਕਰ ਦਿੱਤੀ ਗਈ ਹੈ। ਰਾਜਪਾਲ ਨੇ ਸਪਸ਼ਟ ਕੀਤਾ ਕਿ ਨੁਕਸਾਨ ਦੇ ਪੂਰੇ ਅੰਦਾਜ਼ੇ ਤੋਂ ਬਾਅਦ ਬਾਕੀ ਦੀ ਰਕਮ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਖੁਦ ਭਰੋਸਾ ਦਿਵਾਇਆ ਹੈ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਮੁਆਵਜ਼ਾ ਮਿਲੇਗਾ।
ਰਾਜਪਾਲ ਨੇ ਇਹ ਵੀ ਦੱਸਿਆ ਕਿ ਕੇਂਦਰੀ ਏਜੰਸੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਰਿਪੋਰਟਾਂ ‘ਤੇ ਅਧਾਰਿਤ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ। ਖਾਸ ਕਰਕੇ ਉਹ ਜ਼ਿਲ੍ਹੇ ਜਿੱਥੇ ਘੱਗਰ ਦਰਿਆ ਨੇ ਸਭ ਤੋਂ ਵੱਧ ਤਬਾਹੀ ਮਚਾਈ ਹੈ, ਉੱਥੇ ਵੱਖਰੀ ਤਰ੍ਹਾਂ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਹੈ ਕਿ ਭਵਿੱਖ ਵਿੱਚ ਵੀ ਬਚਾਅ ਕਾਰਜਾਂ ਲਈ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
Get all latest content delivered to your email a few times a month.