ਤਾਜਾ ਖਬਰਾਂ
ਰਾਮਪੁਰਾ ਫੂਲ ਦੀ 14 ਸਾਲਾ ਸਕੂਲੀ ਵਿਦਿਆਰਥਣ ਨਵਿਆ ਨੇ ਆਪਣੇ ਨਾਮ ਇਕ ਵੱਡੀ ਉਪਲਬਧੀ ਦਰਜ ਕਰਵਾਈ ਹੈ। ਉਸ ਨੇ ਸਿਰਫ਼ 30 ਸੈਕੰਡ ਦੇ ਅੰਦਰ ਅੰਗਰੇਜ਼ੀ ਦੇ 218 ਸ਼ਬਦ ਬਿਲਕੁਲ ਸਹੀ ਉਚਾਰਣ ਨਾਲ ਪੜ੍ਹ ਕੇ ਨਵਾਂ ਵਰਲਡ ਰਿਕਾਰਡ ਬਣਾਇਆ ਹੈ। ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵੱਲੋਂ ਇਸ ਰਿਕਾਰਡ ਨੂੰ ਮਾਨਤਾ ਮਿਲੀ ਹੈ ਅਤੇ ਨਵਿਆ ਨੂੰ ਸਰਟੀਫਿਕੇਟ ਤੇ ਮੈਡਲ ਨਾਲ ਨਿਵਾਜਿਆ ਗਿਆ ਹੈ।
ਨਵਿਆ, ਜੋ ਮਾਊਟ ਲਿਟਰਾ ਜੀ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਰਾਕੇਸ਼ ਕੁਮਾਰ ਗਰਗ ਦੀ ਸਪੁੱਤਰੀ ਹੈ, ਨੇ ਇਸ ਪ੍ਰਾਪਤੀ ਲਈ ਕਰੀਬ ਚਾਰ ਮਹੀਨੇ ਤੱਕ ਸਖ਼ਤ ਤਿਆਰੀ ਕੀਤੀ। ਉਸਦੇ ਕੋਚ ਰੰਜੀਵ ਗੋਇਲ ਨੇ ਦੱਸਿਆ ਕਿ ਨਵਿਆ ਨੇ ਅਬੈਕਸ ਵਿਧੀ ਨਾਲ ਆਪਣੀ ਪੜ੍ਹਨ ਦੀ ਗਤੀ ਅਤੇ ਧਿਆਨ ਸ਼ਕਤੀ ਨੂੰ ਮਜ਼ਬੂਤ ਕੀਤਾ, ਜਿਸ ਦੇ ਨਤੀਜੇ ਵਜੋਂ ਇਹ ਅਸੰਭਵ ਜਿਹੀ ਪ੍ਰਾਪਤੀ ਸੰਭਵ ਹੋਈ।
ਬਠਿੰਡਾ ਦੇ ਏਡੀਸੀ (ਸ਼ਹਿਰੀ ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ ਨੇ ਵੀ ਨਵਿਆ ਨੂੰ ਸਨਮਾਨਿਤ ਕੀਤਾ ਅਤੇ ਉਸਦੀ ਪ੍ਰਦਰਸ਼ਨ ਦੇਖ ਕੇ ਹੈਰਾਨੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਪੱਧਰ ਦੇ ਰਿਕਾਰਡ ਸਿਰਫ਼ ਵਿਦਿਆਰਥੀ ਦਾ ਹੀ ਨਹੀਂ, ਸਗੋਂ ਪੂਰੇ ਜ਼ਿਲ੍ਹੇ ਅਤੇ ਪੰਜਾਬ ਦਾ ਮਾਣ ਵਧਾਉਂਦੇ ਹਨ। ਡਾ. ਧਾਲੀਵਾਲ ਨੇ ਇਹ ਵੀ ਜ਼ਿਕਰ ਕੀਤਾ ਕਿ ਮੋਬਾਈਲ ਅਤੇ ਸੋਸ਼ਲ ਮੀਡਿਆ ਦੇ ਯੁਗ ਵਿੱਚ ਪੜ੍ਹਾਈ ਨਾਲ ਜੁੜ ਕੇ ਵਿਦਿਅਕ ਰਿਕਾਰਡ ਬਣਾਉਣਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ।
Get all latest content delivered to your email a few times a month.