ਤਾਜਾ ਖਬਰਾਂ
ਮੈਕਸੀਕੋ ਸਿਟੀ ਦੇ ਦੱਖਣੀ ਹਿੱਸੇ ਵਿੱਚ ਬੁੱਧਵਾਰ ਨੂੰ ਭਿਆਨਕ ਹਾਦਸਾ ਵਾਪਰਿਆ, ਜਦੋਂ ਇੱਕ ਗੈਸ ਟੈਂਕਰ ਟਰੱਕ ਪਲਟਿਆ ਅਤੇ ਕੁਝ ਹੀ ਪਲਾਂ ਵਿੱਚ ਜ਼ਬਰਦਸਤ ਧਮਾਕੇ ਨਾਲ ਫਟਿਆ। ਅੱਗ ਤੇ ਧੂੰਏਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਲੋਕਾਂ ਵਿੱਚ ਹਾਹਾਕਾਰ ਮਚ ਗਿਆ। ਇਸ ਹਾਦਸੇ ਵਿੱਚ ਘੱਟੋ-ਘੱਟ 57 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 19 ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਕਈ ਪੀੜਤ ਸੜ੍ਹਨ ਕਾਰਨ ਬੁਰੇ ਹਾਲ ਵਿੱਚ ਸੜਕਾਂ ’ਤੇ ਮਦਦ ਲਈ ਪਏ ਸਨ।
ਮੇਅਰ ਕਲਾਰਾ ਬਰੂਗਾਡਾ ਨੇ ਘਟਨਾ ਨੂੰ “ਐਮਰਜੈਂਸੀ” ਐਲਾਨਦੇ ਹੋਏ ਦੱਸਿਆ ਕਿ ਧਮਾਕੇ ਦੀ ਚਪੇਟ ਵਿੱਚ ਆ ਕੇ 18 ਵਾਹਨ ਸੜ ਕੇ ਸੁਆਹ ਹੋ ਗਏ। ਹਾਲਾਂਕਿ, ਖੁਸ਼ਕਿਸਮਤੀ ਨਾਲ ਕਿਸੇ ਦੀ ਜਾਨ ਨਹੀਂ ਗਈ। ਸਾਰੇ ਜ਼ਖਮੀਆਂ ਨੂੰ ਤੁਰੰਤ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਜਾਂਚ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਟਰੱਕ ਪਲਟਣ ਤੋਂ ਬਾਅਦ ਹੀ ਧਮਾਕਾ ਹੋਇਆ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਵਿੱਚ ਅੱਗ ਦੇ ਭਿਆਨਕ ਸ਼ੋਲਿਆਂ ਨਾਲ ਲੋਕਾਂ ਦੇ ਡਰ ਅਤੇ ਚੀਕਾਂ ਸਾਫ਼ ਸੁਣਾਈ ਦੇ ਰਹੇ ਹਨ। ਇੱਕ ਕਲਿੱਪ ਵਿੱਚ ਦੋ ਵਿਅਕਤੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਦਿਖਾਈ ਦਿੰਦੇ ਹਨ।
ਸਰਕਾਰੀ ਸਕੱਤਰ ਸੀਜ਼ਰ ਕ੍ਰਾਵੀਓਟੋ ਨੇ ਕਿਹਾ ਕਿ ਅੱਗ ‘ਤੇ ਹੁਣ ਪੂਰਾ ਕਾਬੂ ਪਾ ਲਿਆ ਗਿਆ ਹੈ। ਹਾਦਸੇ ਵਾਲੇ ਟਰੱਕ ’ਤੇ ਊਰਜਾ ਕੰਪਨੀ ਸਿਲਜਾ ਦਾ ਲੋਗੋ ਦਿੱਤਾ ਮਿਲਿਆ ਸੀ, ਪਰ ਕੰਪਨੀ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਕਿ ਉਹਨਾਂ ਦਾ ਕੋਈ ਵਾਹਨ ਦੱਖਣੀ ਮੈਕਸੀਕੋ ਵਿੱਚ ਨਹੀਂ ਚਲਦਾ। ਮੇਅਰ ਖੁਦ ਮੌਕੇ ‘ਤੇ ਪਹੁੰਚੇ ਅਤੇ ਅੱਗ ਬੁਝਾਉਣ ਵਾਲੇ ਦਲਾਂ ਅਤੇ ਰਾਹਤ ਟੀਮਾਂ ਦਾ ਹੌਸਲਾ ਵਧਾਇਆ।
ਲੰਬੀ ਜਦੋ-ਜਹਿਦ ਤੋਂ ਬਾਅਦ ਅੱਗ ਬੁਝਾਈ ਗਈ। ਇਹ ਹਾਦਸਾ ਉਸ ਹਾਈਵੇਅ ‘ਤੇ ਵਾਪਰਿਆ ਜੋ ਮੈਕਸੀਕੋ ਸਿਟੀ ਨੂੰ ਪੁਏਬਲਾ ਨਾਲ ਜੋੜਦਾ ਹੈ। ਧਮਾਕੇ ਤੋਂ ਬਾਅਦ ਇਹ ਸੜਕ ਕਈ ਘੰਟਿਆਂ ਲਈ ਬੰਦ ਰਹੀ, ਜਿਸ ਨਾਲ ਟਰੈਫਿਕ ਪੂਰੀ ਤਰ੍ਹਾਂ ਰੁਕ ਗਿਆ। ਸ਼ਾਮ ਤੱਕ ਹਾਈਵੇਅ ਮੁੜ ਖੋਲ੍ਹ ਦਿੱਤਾ ਗਿਆ ਅਤੇ ਹਾਲਾਤ ਹੌਲੀ-ਹੌਲੀ ਆਮ ਹੋਣ ਲੱਗੇ। ਇਸ ਘਟਨਾ ਨੇ ਇੱਕ ਵਾਰ ਫਿਰ ਗੈਸ ਟੈਂਕਰਾਂ ਦੀ ਸੁਰੱਖਿਆ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
Get all latest content delivered to your email a few times a month.