ਤਾਜਾ ਖਬਰਾਂ
ਅਮਰੀਕੀ ਰੱਖਿਆਪਸੰਦ ਕਾਰਕੁਨ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨੇੜਲੇ ਸਾਥੀ ਚਾਰਲੀ ਕਿਰਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਬੁੱਧਵਾਰ ਨੂੰ ਯੂਟਾਹ ਦੇ ਇੱਕ ਕਾਲਜ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਗੰਭੀਰ ਰੂਪ ਵਿੱਚ ਜ਼ਖਮੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਚਾਰਲੀ ਕਿਰਕ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਇਸ ਘਟਨਾ ਨੇ ਅਮਰੀਕਾ ਭਰ ਵਿੱਚ ਰਾਜਨੀਤਿਕ ਹਿੰਸਾ ਦੇ ਖ਼ਤਰੇ ਵੱਲ ਧਿਆਨ ਖਿੱਚਿਆ ਹੈ। ਚਾਰਲੀ ਕਿਰਕ ਨੇ ਨੌਜਵਾਨ ਰਿਪਬਲਿਕਨ ਵੋਟਰਾਂ ਨੂੰ ਇੱਕਜੁੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹ ਇਜ਼ਰਾਇਲ ਦੇ ਵੀ ਕੱਟੜ ਸਮਰਥਕ ਮੰਨੇ ਜਾਂਦੇ ਸਨ।
ਯੂਟਾਹ ਗਵਰਨਰ ਵਲੋਂ ਰਾਜਨੀਤਿਕ ਹੱਤਿਆ ਕਹਿਣ ਦਾ ਦਾਅਵਾ
ਟਰੰਪ ਨੇ ਆਪਣੇ ਟ੍ਰੁਥ ਸੋਸ਼ਲ 'ਤੇ ਲਿਖਿਆ – "ਵੱਡੇ ਅਤੇ ਮਹਾਨ ਚਾਰਲੀ ਕਿਰਕ ਹੁਣ ਨਹੀਂ ਰਹੇ। ਅਮਰੀਕਾ ਦੇ ਨੌਜਵਾਨਾਂ ਦੇ ਦਿਲਾਂ ਨੂੰ ਚਾਰਲੀ ਤੋਂ ਵਧੀਆ ਕੋਈ ਨਹੀਂ ਸਮਝ ਸਕਿਆ।" ਯੂਟਾਹ ਦੇ ਗਵਰਨਰ ਸਪੈਂਸਰ ਕਾਕਸ ਨੇ ਇਸ ਦਿਨ ਨੂੰ ਰਾਜ ਦਾ "ਕਾਲਾ ਦਿਨ" ਕਿਹਾ ਅਤੇ ਸਾਫ਼ ਕੀਤਾ ਕਿ ਇਹ ਇੱਕ ਰਾਜਨੀਤਿਕ ਹੱਤਿਆ ਹੈ। 31 ਸਾਲਾ ਕਿਰਕ ਆਪਣੇ ਅਮਰੀਕਨ ਕਮਬੈਕ ਟੂਰ ਦੇ ਤਹਿਤ ਯੂਨੀਵਰਸਿਟੀ ਕੈਂਪਸ ਵਿੱਚ ਭਾਸ਼ਣ ਦੇ ਰਹੇ ਸਨ, ਜਦੋਂ ਗੋਲੀਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਘਟਨਾ ਦਾ ਵੀਡੀਓ ਵਾਇਰਲ
ਇਸ ਹੱਤਿਆ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਿਰਕ ਦੀ ਗਰਦਨ 'ਚ ਗੋਲੀ ਲੱਗਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਉਹ ਸਫ਼ੈਦ ਟੈਂਟ ਹੇਠ ਮਾਈਕ੍ਰੋਫ਼ੋਨ ਫੜਕੇ ਬੋਲ ਰਹੇ ਹਨ, ਅਚਾਨਕ ਗੋਲੀ ਦੀ ਆਵਾਜ਼ ਆਉਂਦੀ ਹੈ ਤੇ ਉਹ ਗਰਦਨ ਤੋਂ ਖੂਨ ਵਗਦੇ ਹੋਏ ਡਿੱਗ ਪੈਂਦੇ ਹਨ। ਐਸੋਸੀਏਟਿਡ ਪ੍ਰੈੱਸ (AP) ਨੇ ਪੁਸ਼ਟੀ ਕੀਤੀ ਹੈ ਕਿ ਇਹ ਵੀਡੀਓ ਯੂਟਾਹ ਵੈਲੀ ਯੂਨੀਵਰਸਿਟੀ ਕੈਂਪਸ ਵਿੱਚ ਹੀ ਰਿਕਾਰਡ ਕੀਤੇ ਗਏ ਸਨ।
ਅੱਖੀਂ ਦੇਖੇ ਗਵਾਹਾਂ ਦੇ ਬਿਆਨ
ਗਵਾਹਾਂ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਉਨ੍ਹਾਂ ਦੇ ਸਰੀਰ 'ਚੋਂ ਬਹੁਤ ਖੂਨ ਵਗ ਰਿਹਾ ਸੀ। ਅਧਿਕਾਰੀਆਂ ਮੁਤਾਬਕ, ਕੇਵਲ ਇੱਕ ਹੀ ਗੋਲੀ ਚਲਾਈ ਗਈ ਸੀ। ਗੋਲੀਬਾਰੀ ਤੋਂ ਠੀਕ ਪਹਿਲਾਂ ਕਿਰਕ ਇੱਕ ਵਿਦਿਆਰਥੀ ਦੇ ਗਨ ਹਿੰਸਾ ਸਬੰਧੀ ਸਵਾਲ ਦਾ ਜਵਾਬ ਦੇ ਰਹੇ ਸਨ। ਯੂਟਾਹ ਵੈਲੀ ਯੂਨੀਵਰਸਿਟੀ ਨੇ ਕਿਹਾ ਕਿ ਘਟਨਾ ਦੇ ਬਾਅਦ ਪੂਰੇ ਕੈਂਪਸ ਨੂੰ ਖਾਲੀ ਕਰਵਾ ਕੇ ਬੰਦ ਕਰ ਦਿੱਤਾ ਗਿਆ।
ਅਮਰੀਕੀ ਰਾਜਨੀਤੀ ਵਿੱਚ ਹਲਚਲ
ਚਾਰਲੀ ਕਿਰਕ ਦੀ ਹੱਤਿਆ ਨੇ ਅਮਰੀਕੀ ਰਾਜਨੀਤੀ ਨੂੰ ਹਿਲਾ ਦਿੱਤਾ ਹੈ। ਟਰੰਪ ਦੇ ਨਾਲ-ਨਾਲ ਡੈਮੋਕ੍ਰੈਟਿਕ ਨੇਤਾਵਾਂ ਨੇ ਵੀ ਇਸ ਹਿੰਸਾ ਦੀ ਨਿੰਦਾ ਕੀਤੀ ਹੈ। ਕੈਲੀਫ਼ੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਐਕਸ (X) 'ਤੇ ਲਿਖਿਆ – "ਚਾਰਲੀ ਕਿਰਕ ਉੱਤੇ ਹਮਲਾ ਘਿਣੌਣਾ ਅਤੇ ਸ਼ਰਮਨਾਕ ਹੈ।" ਨਿਊਸਮ ਨੇ ਪਿਛਲੇ ਸਾਲ ਮਾਰਚ ਵਿੱਚ ਆਪਣੇ ਪੌਡਕਾਸਟ 'ਤੇ ਕਿਰਕ ਨੂੰ ਸੱਦਾ ਦਿੱਤਾ ਸੀ।
Get all latest content delivered to your email a few times a month.