ਤਾਜਾ ਖਬਰਾਂ
ਪੰਜਾਬ ‘ਚ ਲਗਾਤਾਰ ਬਾਰਿਸ਼ ਤੇ ਹੜ੍ਹ ਤੋਂ ਮਿਲੀ ਰਾਹਤ ਦੇ ਬਾਅਦ ਹੁਣ ਹੌਲੀ-ਹੌਲੀ ਪਾਣੀ ਥੱਲੇ ਉਤਰ ਰਿਹਾ ਹੈ, ਪਰ ਨਾਲ ਹੀ ਕਈ ਨਵੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ। ਜਿਥੇ ਪਾਣੀ ਘਟ ਰਿਹਾ ਹੈ, ਉਥੇ ਹੀ ਕਿਸਾਨਾਂ ਦੇ ਖੇਤਾਂ ਵਿੱਚ ਮੋਟੀ ਰੇਤ ਦੀ ਪਰਤ ਜਮ ਗਈ ਹੈ। ਕਈ ਥਾਵਾਂ ‘ਤੇ ਪਸ਼ੂਆਂ ਦੀਆਂ ਲਾਸ਼ਾਂ ਤੇ ਮਰੀਆਂ ਮੱਛੀਆਂ ਮਿਲ ਰਹੀਆਂ ਹਨ, ਜਿਸ ਕਾਰਨ ਇਲਾਕੇ ‘ਚ ਭਿਆਨਕ ਬਦਬੂ ਫੈਲ ਚੁੱਕੀ ਹੈ ਅਤੇ ਬਿਮਾਰੀਆਂ ਦਾ ਖ਼ਤਰਾ ਵੱਧ ਗਿਆ ਹੈ।
ਸਤਲੁਜ ਦਰਿਆ ਦਾ ਪੱਧਰ ਕਾਬੂ ਵਿੱਚ ਆਉਣ ਤੋਂ ਬਾਅਦ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਜਿਵੇਂ ਕਿ ਨਵੀ ਗੱਟੀ ਰਾਜੋਕੇ ਤੇ ਗੱਟੀ ਰਾਜੋਕੇ ਵਿੱਚੋਂ ਪਾਣੀ ਹਟ ਗਿਆ ਹੈ। ਪਰ ਇਨ੍ਹਾਂ ਖੇਤਰਾਂ ਦੀਆਂ ਝੋਨੇ ਅਤੇ ਸਬਜ਼ੀਆਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ।
ਲੋਕਾਂ ਦੀ ਹੱਡਬੀਤੀ
ਪਾਣੀ ਘਟਣ ਨਾਲ ਲੋਕ ਆਪਣੇ ਘਰਾਂ ਵਿੱਚ ਵਾਪਸੀ ਕਰ ਰਹੇ ਹਨ, ਪਰ ਜ਼ਿਆਦਾਤਰ ਘਰਾਂ ਦੀਆਂ ਕੰਧਾਂ ਟੁੱਟੀਆਂ ਪਈਆਂ ਹਨ ਅਤੇ ਕਈਆਂ ਵਿੱਚ ਵੱਡੀਆਂ ਤਰੇੜਾਂ ਪੈ ਗਈਆਂ ਹਨ। ਇਸ ਕਾਰਨ ਕਿਸੇ ਵੀ ਵੇਲੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ।
ਪਿੰਡ ਬੇਰੀ ਦੇ ਕਿਸਾਨ ਮੇਹਰ ਸਿੰਘ ਨੇ ਕਿਹਾ, “ਜਦੋਂ ਹੜ੍ਹ ਆਇਆ ਸੀ ਤਦੋਂ ਤਾਂ ਮੁਸੀਬਤ ਸੀ ਹੀ, ਪਰ ਹੁਣ ਹਾਲਾਤ ਹੋਰ ਮਾੜੇ ਹੋ ਗਏ ਹਨ। ਫਸਲਾਂ ਖਤਮ ਹੋ ਗਈਆਂ ਹਨ, ਉੱਪਰੋਂ ਬਦਬੂ ਕਾਰਨ ਸਾਰੇ ਲੋਕ ਬਿਮਾਰੀ ਦੇ ਡਰ ‘ਚ ਜੀ ਰਹੇ ਹਨ।”
ਇੱਕ ਹੋਰ ਪੀੜਤ ਰਾਜ ਕੌਰ, ਜਿਸਦਾ ਘਰ ਬਹੁਤ ਨੁਕਸਾਨੀ ਹੋਇਆ, ਨੇ ਕਿਹਾ ਕਿ “ਸਾਰੇ ਘਰਾਂ ਨੂੰ ਤਰੇੜਾਂ ਪੈ ਗਈਆਂ ਹਨ। ਸਾਡੀਆਂ ਕਰੀਬ 20 ਕਿਲੇ ਫਸਲਾਂ ਤਬਾਹ ਹੋ ਚੁੱਕੀਆਂ ਹਨ। ਇਲਾਕੇ ਦੇ ਬੰਨ੍ਹ ਵੀ ਟੁੱਟ ਗਏ ਹਨ, ਇਸ ਕਰਕੇ ਮੁਸੀਬਤਾਂ ਘੱਟਣ ਦੀ ਬਜਾਏ ਵਧ ਰਹੀਆਂ ਹਨ।”
ਪ੍ਰਸ਼ਾਸਨ ਦੇ ਉਪਰਾਲੇ
ਹਾਲਾਂਕਿ ਪ੍ਰਸ਼ਾਸਨ ਵੱਲੋਂ ਮੈਡੀਕਲ ਕੈਂਪ ਅਤੇ ਰਾਹਤ ਕੈਂਪ ਲਗਾਏ ਗਏ ਹਨ, ਪਰ ਲੋਕਾਂ ਦੀ ਜ਼ਿੰਦਗੀ ਨੂੰ ਦੁਬਾਰਾ ਪਟੜੀ ‘ਤੇ ਲਿਆਉਣ ਵਿੱਚ ਸਮਾਂ ਲੱਗੇਗਾ। ਬਦਬੂ ਅਤੇ ਤਬਾਹ ਫਸਲਾਂ ਨੇ ਪੀੜਤ ਪਰਿਵਾਰਾਂ ਲਈ ਜੀਵਨ ਬਿਤਾਉਣਾ ਹੋਰ ਮੁਸ਼ਕਲ ਬਣਾ ਦਿੱਤਾ ਹੈ।
Get all latest content delivered to your email a few times a month.