ਤਾਜਾ ਖਬਰਾਂ
ਲੁਧਿਆਣਾ ਵਿੱਚ ਦਿੱਲੀ ਹਾਈਵੇ 'ਤੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਸੋਸ਼ਲ ਮੀਡੀਆ ਇੰਫਲੂਐਂਸਰ ਅਤੇ ਜੁੱਤੀ ਕਾਰੋਬਾਰੀ ਹਨੀ ਸੇਠੀ ਦੀ ਕਾਰ 'ਤੇ ਇੱਕ ਅਣਪਛਾਤੇ ਵਿਅਕਤੀ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ। ਹਮਲਾਵਰ ਸਕਾਰਪੀਓ ਗੱਡੀ ਵਿੱਚ ਸਵਾਰ ਸੀ ਅਤੇ ਮੌਕਾ ਵੇਖਦੇ ਹੀ ਬਾਹਰ ਨਿਕਲ ਕੇ ਹਨੀ ਦੀ ਕਾਰ ਦੇ ਸ਼ੀਸ਼ੇ 'ਤੇ ਵਾਰ ਕਰ ਗਿਆ। ਖੁਸ਼ਕਿਸਮਤੀ ਨਾਲ ਹਨੀ ਨੇ ਤੁਰੰਤ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਅਤੇ ਸਿੱਧਾ ਦੋਰਾਹਾ ਪੁਲਿਸ ਸਟੇਸ਼ਨ ਪਹੁੰਚ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ।
ਹਨੀ ਸੇਠੀ ਦਾ ਦਾਅਵਾ
ਹਨੀ ਨੇ ਦੱਸਿਆ ਕਿ ਕੁਝ ਸਮੇਂ ਤੋਂ ਕੁਝ ਲੋਕ ਉਸਦਾ ਪਿੱਛਾ ਕਰ ਰਹੇ ਸਨ। ਬੀਤੀ ਰਾਤ ਜਦੋਂ ਉਹ ਸ਼ੋਅਰੂਮ ਬੰਦ ਕਰਕੇ ਘਰ ਜਾ ਰਿਹਾ ਸੀ, ਉਸਦੀ ਕਾਰ ਅਚਾਨਕ ਸਕਾਰਪੀਓ ਨਾਲ ਰੋਕ ਲਈ ਗਈ। ਉਸ ਤੋਂ ਬਾਅਦ ਇੱਕ ਨੌਜਵਾਨ, ਜਿਸਨੇ ਚਿਹਰੇ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ, ਤਲਵਾਰ ਲੈ ਕੇ ਬਾਹਰ ਨਿਕਲਿਆ ਅਤੇ ਹਮਲਾ ਕਰ ਦਿੱਤਾ। ਹਨੀ ਦੇ ਅਨੁਸਾਰ, ਉਸਦਾ ਸ਼ੱਕ ਗੁਰਵਿੰਦਰ ਸਿੰਘ ਪ੍ਰਿੰਕਲ 'ਤੇ ਹੈ ਕਿ ਉਸਨੇ ਇਹ ਹਮਲਾ ਕਰਵਾਇਆ ਹੈ। ਘਟਨਾ ਦੀ ਵੀਡੀਓਗ੍ਰਾਫੀ ਵੀ ਹੋ ਚੁੱਕੀ ਹੈ।
ਪੁਲਿਸ ਦੀ ਕਾਰਵਾਈ
ਦੋਰਾਹਾ ਥਾਣੇ ਦੇ ਐਸਐਚਓ ਆਕਾਸ਼ ਨੇ ਕਿਹਾ ਕਿ ਹਨੀ ਸੇਠੀ ਵੱਲੋਂ ਲਿਖਤੀ ਸ਼ਿਕਾਇਤ ਮਿਲੀ ਹੈ ਅਤੇ ਉਸ ਵੱਲੋਂ ਦਿੱਤੀ ਗਈ ਵੀਡੀਓ ਵੀ ਚੈਕ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਦੀ ਪਛਾਣ ਕਰਕੇ ਜਲਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਰਚਾ ਜਾਰੀ ਹੈ।
Get all latest content delivered to your email a few times a month.