ਤਾਜਾ ਖਬਰਾਂ
ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਗਭਗ ਡੇਢ ਮਹੀਨਾ ਪਹਿਲਾਂ ਗੁੰਮ ਹੋਏ ਨੌਜਵਾਨ ਦਾ ਕਤਲ ਉਸਦੇ ਹੀ ਸਾਥੀ ਮਜ਼ਦੂਰਾਂ ਵੱਲੋਂ ਕੀਤਾ ਗਿਆ ਸੀ। ਹੈਰਾਨੀਜਨਕ ਗੱਲ ਇਹ ਹੈ ਕਿ ਸਿਰਫ਼ 5000 ਰੁਪਏ ਲਈ ਉਸਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਅਤੇ ਲਾਸ਼ ਨੂੰ ਢਿਲਵਾਂ ਡਰੇਨ ਦੇ ਕੋਲ ਮਿੱਟੀ ਹੇਠਾਂ ਦੱਬ ਦਿੱਤਾ ਗਿਆ ਸੀ। ਹੁਣ ਲਗਭਗ ਡੇਢ ਮਹੀਨੇ ਬਾਅਦ ਉਸਦੀ ਲਾਸ਼ ਬਾਹਰ ਕੱਢੀ ਗਈ ਹੈ।
ਮ੍ਰਿਤਕ ਦੀ ਪਛਾਣ 27 ਸਾਲਾ ਅਕਸ਼ੈ ਕੁਮਾਰ ਉਰਫ਼ ਸ਼ੰਕਰ ਵਜੋਂ ਹੋਈ ਹੈ, ਜੋ ਬਿਹਾਰ ਦੇ ਜ਼ਿਲ੍ਹਾ ਪੂਰਨੀਆ ਦਾ ਰਹਿਣ ਵਾਲਾ ਸੀ। ਉਹ ਤਿੰਨ ਨਿੱਕੀਆਂ ਧੀਆਂ ਦਾ ਪਿਤਾ ਸੀ ਅਤੇ ਰੋਜ਼ੀ-ਰੋਟੀ ਲਈ ਹੋਰ ਮਜ਼ਦੂਰਾਂ ਦੇ ਨਾਲ ਪੰਜਾਬ ਆਇਆ ਸੀ। ਖੇਤਾਂ 'ਚ ਕੰਮ ਕਰਦੇ ਹੋਏ ਉਹ ਸਾਥੀਆਂ ਲਈ ਖਾਣਾ ਵੀ ਬਣਾਉਂਦਾ ਸੀ।
ਸਭ ਕੁਝ ਉਦੋਂ ਸ਼ੱਕੀ ਬਣ ਗਿਆ ਜਦੋਂ ਝੋਨੇ ਦੀ ਕਟਾਈ ਤੋਂ ਬਾਅਦ ਸਾਰੇ ਮਜ਼ਦੂਰ ਵਾਪਸ ਆਪਣੇ ਪਿੰਡ ਚਲੇ ਗਏ ਪਰ ਅਕਸ਼ੈ ਆਪਣੇ ਘਰ ਨਾ ਪੁੱਜਿਆ। ਪਰਿਵਾਰ ਨੇ ਜਦੋਂ ਸਾਥੀਆਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਝੂਠ ਬੋਲਿਆ ਕਿ ਉਹ ਬਿਨਾਂ ਦੱਸੇ ਹੀ ਪੰਜਾਬ ਛੱਡ ਗਿਆ। ਪਰਿਵਾਰ ਨੂੰ ਗੱਲ 'ਤੇ ਸ਼ੱਕ ਹੋ ਗਿਆ ਅਤੇ ਮ੍ਰਿਤਕ ਦੀ ਪਤਨੀ ਸੰਗੀਤਾ ਦੇਵੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਤਪਾ ਪੁਲਿਸ ਨੇ ਪਹਿਲਾਂ ਦੋ ਅਤੇ ਫਿਰ ਇੱਕ ਹੋਰ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੀ ਪਛਾਣ ਦੇ ਆਧਾਰ ’ਤੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਢਿਲਵਾਂ ਡਰੇਨ ਨੇੜੇ ਜ਼ਮੀਨ ਵਿੱਚੋਂ ਬਾਹਰ ਕੱਢੀ। ਲੰਬੇ ਸਮੇਂ ਮਿੱਟੀ ਹੇਠ ਦੱਬੇ ਰਹਿਣ ਕਾਰਨ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਪਿੰਜਰ ਬਾਹਰ ਨਿਕਲ ਆਇਆ ਸੀ।
ਇਸ ਕਤਲ ਨੇ ਮ੍ਰਿਤਕ ਦੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਤਿੰਨ ਬੱਚਿਆਂ ਦੇ ਪਿਤਾ ਦੇ ਚਲੇ ਜਾਣ ਨਾਲ ਪਰਿਵਾਰ ਦਾ ਹਾਲ ਬੇਹਾਲ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਨਾਲ ਹੀ ਸਰਕਾਰ ਵੱਲੋਂ ਪਰਿਵਾਰ ਨੂੰ ਵਿੱਤੀ ਮਦਦ ਦਿੱਤੀ ਜਾਵੇ, ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ।
Get all latest content delivered to your email a few times a month.