ਤਾਜਾ ਖਬਰਾਂ
'ਐਸਡੀਆਰਐਫ ਫੰਡਾਂ 'ਤੇ ਝੂਠ ਬੋਲ ਰਹੀ ਹੈ ਭਾਜਪਾ, ਕੇਂਦਰ ਵਲੋਂ ਨਿਗੂਣੇ ਹੜ੍ਹ ਰਾਹਤ ਪੈਕੇਜ ਦੇਣ 'ਤੇ ਕਿਉਂ ਚੁੱਪ ਹਨ ਜਾਖੜ?: ਨੀਲ ਗਰਗ
ਚੰਡੀਗੜ੍ਹ, 13 ਸਤੰਬਰ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਐਸਡੀਆਰਐਫ (ਸਟੇਟ ਡਿਜ਼ਾਸਟਰ ਰਿਸਪਾਂਸ ਫੰਡ) ਬਾਰੇ ਦਿੱਤੇ ਬਿਆਨ ਨੂੰ ਪੂਰੀ ਤਰ੍ਹਾਂ ਗੁਮਰਾਹਕੁੰਨ ਅਤੇ ਤੱਥਾਂ ਤੋਂ ਦੂਰ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਭਾਜਪਾ ਆਗੂਆਂ ਦੀ ਫਿਤਰਤ ਹੈ ਕਿ ਉਹ ਹਮੇਸ਼ਾ ਝੂਠ ਬੋਲ ਕੇ ਅਤੇ ਗੋਲ-ਗੋਲ ਗੱਲਾਂ ਕਰਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ।
ਸ਼ਨੀਵਾਰ ਨੂੰ ਇਕ ਬਿਆਨ ਰਾਹੀਂ ਨੀਲ ਗਰਗ ਨੇ ਸੁਨੀਲ ਜਾਖੜ ਵੱਲੋਂ ਕੀਤੇ ਟਵੀਟ ਅਤੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਾਖੜ ਸਾਹਿਬ ਦਾ ਇਹ ਦਾਅਵਾ ਕਿ "ਪੰਜਾਬ ਨੂੰ ਐਸਡੀਆਰਐਫ ਤਹਿਤ 12,000 ਕਰੋੜ ਰੁਪਏ ਦਿੱਤੇ ਗਏ", ਲੋਕਾਂ ਨੂੰ ਗੁਮਰਾਹ ਕਰਨ ਦੀ ਇੱਕ ਹੋਰ ਨਾਕਾਮਯਾਬ ਕੋਸ਼ਿਸ਼ ਹੈ। ਉਹਨਾਂ ਕਿਹਾ ਕਿ ਕੇਂਦਰ ਵਿੱਚ ਉਨ੍ਹਾਂ ਦੀ ਹੀ ਸਰਕਾਰ ਹੈ ਅਤੇ ਉਸ ਦੇ ਕੋਲ ਸਾਰਾ ਡਾਟਾ ਵੀ ਉਪਲਬਧ ਹੈ। ਇਸ ਲਈ ਜਾਖੜ ਸਾਹਿਬ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਤੱਥ ਰੱਖਣੇ ਚਾਹੀਦੇ ਹਨ।
ਨੀਲ ਗਰਗ ਨੇ ਸੁਨੀਲ ਜਾਖੜ ਨੂੰ ਸਵਾਲ ਕਰਦਿਆਂ ਕਿਹਾ ਕਿ ਜਾਖੜ ਸਾਹਿਬ ਐਸਡੀਆਰਐਫ ਦੀ ਸਥਾਪਨਾ 2010-11 ਵਿੱਚ ਹੋਈ ਸੀ। ਤੁਸੀਂ ਪੰਜਾਬੀਆਂ ਨੂੰ ਇਹ ਦੱਸੋ ਕਿ 2010 ਤੋਂ ਲੈ ਕੇ 2025 ਤੱਕ ਕੇਂਦਰ ਸਰਕਾਰ ਨੇ ਪੰਜਾਬ ਦੇ ਐਸਡੀਆਰਐਫ ਫੰਡ ਵਿੱਚ ਆਪਣਾ ਕਿੰਨਾ ਹਿੱਸਾ ਪਾਇਆ ਹੈ? ਸਾਲ 2010, 2011, 2012 ਅਤੇ ਇਸੇ ਤਰ੍ਹਾਂ 2025 ਤੱਕ ਦਾ ਸਾਲ-ਦਰ-ਸਾਲ ਦਾ ਵੀ ਲੇਖਾ-ਜੋਖਾ ਪੇਸ਼ ਕਰੋ। ਜੇ ਤੁਸੀਂ ਇਹ ਡਾਟਾ ਨਹੀਂ ਦੇ ਸਕਦੇ, ਤਾਂ ਫਿਰ ਘੱਟੋ-ਘੱਟ ਪੰਜਾਬ ਨੂੰ ਗੁਮਰਾਹ ਕਰਨਾ ਬੰਦ ਕਰੋ।
ਉਹਨਾਂ ਨੇ ਜਾਖੜ ਨੂੰ ਯਾਦ ਦਿਵਾਉਂਦਿਆਂ ਕਿਹਾ ਕਿ ਜਿਸ ਭਾਜਪਾ ਦੇ ਤੁਸੀਂ ਅੱਜ ਪ੍ਰਧਾਨ ਹੋ, ਉਸ ਦੀ 2007 ਤੋਂ 2017 ਤੱਕ ਪੰਜਾਬ ਵਿੱਚ ਅਕਾਲੀ ਦਲ ਨਾਲ ਗਠਜੋੜ ਦੀ ਸਰਕਾਰ ਸੀ। ਇਸ ਤੋਂ ਬਾਅਦ 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਰਹੀ, ਜਿਸ ਦੇ ਉਹ ਖੁਦ ਪ੍ਰਧਾਨ ਸਨ। ਇਸ ਲਈ ਐਸਡੀਆਰਐਫ ਦੇ ਸਾਰੇ ਅੰਕੜੇ ਤੁਹਾਡੇ ਕੋਲ ਮੌਜੂਦ ਹਣੇ ਚਾਹੀਦੇ ਹਨ।
ਨੀਲ ਗਰਗ ਨੇ ਕਿਹਾ ਕਿ ਇਕ ਪਾਸੇ ਜਾਖੜ ਸਾਹਿਬ ਆਪਣੇ ਆਪ ਨੂੰ ਪੰਜਾਬ ਦਾ ਮਸੀਹਾ ਅਤੇ ਕਿਸਾਨ ਦਾ ਪੁੱਤ ਕਹਾਉਂਦੇ ਹਨ। ਪਰ ਜਦੋਂ ਹੜ੍ਹਾਂ ਕਾਰਨ ਪੰਜਾਬ ਵਿੱਚ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ, ਲੱਖਾਂ ਪਸ਼ੂ ਮਾਰੇ ਗਏ ਅਤੇ ਲੱਖਾਂ ਏਕੜ ਫਸਲ ਬਰਬਾਦ ਹੋ ਗਈ ਅਤੇ ਪ੍ਰਧਾਨ ਮੰਤਰੀ ਨੇ ਪੰਜਾਬ ਆ ਕੇ ਸਿਰਫ਼ 1600 ਕਰੋੜ ਰੁਪਏ ਦੇ ਨਿਗੂਣੇ ਰਾਹਤ ਪੈਕੇਜ ਦਾ ਐਲਾਨ ਕੀਤਾ। ਉਦੋਂ ਜਾਖੜ ਸਾਹਿਬ ਨੇ ਦੱਬੀ ਜ਼ੁਬਾਨ ਵਿੱਚ ਵੀ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ। ਉਸ ਵੇਲੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਕਿਹਾ ਕਿ ਇਹ ਪੈਕੇਜ ਪੰਜਾਬ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਹੈ।
ਨੀਲ ਗਰਗ ਨੇ ਜਾਖੜ ਨੂੰ ਅਪੀਲ ਕੀਤੀ ਕਿ ਉਹ 12,000 ਕਰੋੜ ਰੁਪਏ ਦਾ ਝੂਠਾ ਰਾਗ ਅਲਾਪਣਾ ਬੰਦ ਕਰਨ ਅਤੇ ਪੰਜਾਬ ਦੀ ਜਨਤਾ ਨੂੰ 2010 ਤੋਂ 2025 ਤੱਕ ਐਸਡੀਆਰਐਫ ਵਿੱਚ ਕੇਂਦਰ ਸਰਕਾਰ ਵੱਲੋਂ ਪਾਏ ਗਏ ਅਸਲ ਹਿੱਸੇ ਬਾਰੇ ਸੱਚ ਦੱਸਣ।
Get all latest content delivered to your email a few times a month.