ਤਾਜਾ ਖਬਰਾਂ
ਦੁੱਧ ਉਤਪਾਦ ਬਣਾਉਣ ਵਾਲੀ ਮਸ਼ਹੂਰ ਕੰਪਨੀ ਮਦਰ ਡੇਅਰੀ ਨੇ ਆਪਣੇ ਸਾਰੇ ਪ੍ਰਮੁੱਖ ਉਤਪਾਦਾਂ ਦੀਆਂ ਕੀਮਤਾਂ 'ਚ ਕਟੌਤੀ ਦਾ ਐਲਾਨ ਕੀਤਾ ਹੈ। ਕੰਪਨੀ ਵੱਲੋਂ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਘਟਾਈ ਗਈ ਹੈ, ਜਿਸ ਤੋਂ ਬਾਅਦ ਟੋਂਡ ਟੈਟਰਾ ਪੈਕ ਦੁੱਧ ਦਾ 1 ਲੀਟਰ ਪੈਕ ਹੁਣ 75 ਰੁਪਏ 'ਤੇ ਉਪਲਬਧ ਹੋਵੇਗਾ, ਜੋ ਪਹਿਲਾਂ 77 ਰੁਪਏ ਸੀ। ਇਸੇ ਤਰ੍ਹਾਂ, 450 ਮਿਲੀਲੀਟਰ ਪੈਕ ਦੀ ਕੀਮਤ 33 ਰੁਪਏ ਤੋਂ ਘਟਾ ਕੇ 32 ਰੁਪਏ ਕਰ ਦਿੱਤੀ ਗਈ ਹੈ। ਇਸਦੇ ਨਾਲ-ਨਾਲ, ਕੰਪਨੀ ਨੇ ਆਪਣੇ ਮਿਲਕਸ਼ੇਕ ਪੈਕਾਂ ਦੀ ਕੀਮਤ ਵੀ 30 ਰੁਪਏ ਤੋਂ ਘਟਾ ਕੇ 28 ਰੁਪਏ ਕਰ ਦਿੱਤੀ ਹੈ।
ਪਨੀਰ ਦੀ ਕੀਮਤਾਂ 'ਚ ਵੀ ਰਾਹਤ ਦਿੱਤੀ ਗਈ ਹੈ। ਹੁਣ 200 ਗ੍ਰਾਮ ਪਨੀਰ ਦਾ ਪੈਕੇਟ 95 ਰੁਪਏ ਦੀ ਥਾਂ 92 ਰੁਪਏ ਦਾ ਹੋਵੇਗਾ, ਜਦੋਂ ਕਿ 400 ਗ੍ਰਾਮ ਪਨੀਰ 180 ਰੁਪਏ ਤੋਂ ਘਟਾ ਕੇ 174 ਰੁਪਏ ਦਾ ਹੋ ਗਿਆ ਹੈ। ਇਸੇ ਤਰ੍ਹਾਂ ਮਲਾਈ ਪਨੀਰ ਦੀ ਕੀਮਤ ਵੀ ਘਟਾ ਦਿੱਤੀ ਗਈ ਹੈ, ਜਿਸ ਮੁਤਾਬਕ 200 ਗ੍ਰਾਮ ਪੈਕ 100 ਰੁਪਏ ਦੀ ਥਾਂ ਹੁਣ 97 ਰੁਪਏ ਦਾ ਹੋਵੇਗਾ। ਇਹ ਕਦਮ ਖਪਤਕਾਰਾਂ ਲਈ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਨੂੰ ਸਸਤਾ ਕਰਨ ਵੱਲ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ।
ਮਦਰ ਡੇਅਰੀ ਨੇ ਮੱਖਣ ਅਤੇ ਘਿਓ 'ਤੇ ਵੀ ਕੀਮਤਾਂ ਘਟਾਈਆਂ ਹਨ। 500 ਗ੍ਰਾਮ ਮੱਖਣ ਦੀ ਕੀਮਤ 305 ਰੁਪਏ ਤੋਂ ਘਟਾ ਕੇ 285 ਰੁਪਏ ਕਰ ਦਿੱਤੀ ਗਈ ਹੈ, ਜਦੋਂ ਕਿ 100 ਗ੍ਰਾਮ ਮੱਖਣ ਟਿੱਕੀ 62 ਰੁਪਏ ਦੀ ਥਾਂ 58 ਰੁਪਏ ਵਿੱਚ ਮਿਲੇਗੀ। ਘਿਓ ਵਿੱਚ ਵੀ 30 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। 1 ਲੀਟਰ ਡੱਬਾ ਪੈਕ ਘਿਓ 675 ਰੁਪਏ ਤੋਂ ਘਟਾ ਕੇ 645 ਰੁਪਏ 'ਤੇ, ਅਤੇ 500 ਮਿਲੀਲੀਟਰ ਪੈਕ 345 ਰੁਪਏ ਤੋਂ ਘਟਾ ਕੇ 330 ਰੁਪਏ 'ਤੇ ਉਪਲਬਧ ਹੋਵੇਗਾ। ਇਸਦੇ ਨਾਲ 1 ਲੀਟਰ ਟੀਨ ਪੈਕ ਘਿਓ 750 ਰੁਪਏ ਤੋਂ ਘਟਾ ਕੇ 720 ਰੁਪਏ ਵਿੱਚ ਮਿਲੇਗਾ।
ਇਹ ਕੀਮਤਾਂ 'ਚ ਕਟੌਤੀ ਉਸ ਸਮੇਂ ਆਈ ਹੈ ਜਦੋਂ ਸਰਕਾਰ ਵੱਲੋਂ 3 ਸਤੰਬਰ ਨੂੰ ਨਵੀਆਂ ਜੀਐਸਟੀ ਸੁਧਾਰਾਂ ਦਾ ਐਲਾਨ ਕੀਤਾ ਗਿਆ ਸੀ, ਜਿਸਦੇ ਅਧੀਨ ਜ਼ਰੂਰੀ ਚੀਜ਼ਾਂ 'ਤੇ ਟੈਕਸ ਦਰਾਂ ਘਟਾਉਣ ਦੀ ਗੱਲ ਕੀਤੀ ਗਈ ਸੀ। ਨਵੀਆਂ ਦਰਾਂ 22 ਸਤੰਬਰ ਤੋਂ ਲਾਗੂ ਹੋਣਗੀਆਂ, ਪਰ ਮਦਰ ਡੇਅਰੀ ਨੇ ਖਪਤਕਾਰਾਂ ਨੂੰ ਤੁਰੰਤ ਲਾਭ ਦੇਣ ਲਈ ਪਹਿਲਾਂ ਹੀ ਇਹ ਫੈਸਲਾ ਕਰ ਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੇ ਗਾਹਕਾਂ ਨੂੰ 100% ਟੈਕਸ ਲਾਭ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਇਸੇ ਕਾਰਨ ਪੂਰੇ ਉਤਪਾਦ ਪੋਰਟਫੋਲੀਓ 'ਤੇ ਕੀਮਤਾਂ ਘਟਾਈਆਂ ਗਈਆਂ ਹਨ।
Get all latest content delivered to your email a few times a month.