ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਇਸ ਸਾਲ ਭਾਰੀ ਬਾਰਸ਼ ਅਤੇ ਕੁਦਰਤੀ ਆਫ਼ਤਾਂ ਨਾਲ ਜੂਝ ਰਿਹਾ ਹੈ। ਰਾਜ ਆਫ਼ਤ ਪ੍ਰਬੰਧਨ ਪ੍ਰਾਧੀਕਰਨ (SDMA) ਦੀ ਤਾਜ਼ਾ ਰਿਪੋਰਟ ਮੁਤਾਬਕ, 20 ਜੂਨ ਤੋਂ ਹੁਣ ਤੱਕ ਹੋਈ ਬਾਰਸ਼ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਨੇ 417 ਲੋਕਾਂ ਦੀ ਜ਼ਿੰਦਗੀ ਖ਼ਤਮ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ 236 ਮੌਤਾਂ ਸਿੱਧੇ ਤੌਰ ‘ਤੇ ਭੂਸਖਲਨ, ਬੱਦਲ ਫਟਣ, ਫਲੈਸ਼ ਫਲੱਡ ਅਤੇ ਡੁੱਬਣ ਨਾਲ ਹੋਈਆਂ, ਜਦਕਿ 181 ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ।
ਲਗਾਤਾਰ ਬਾਰਸ਼ ਨੇ 477 ਲੋਕਾਂ ਨੂੰ ਜ਼ਖ਼ਮੀ ਕੀਤਾ ਹੈ ਅਤੇ 45 ਲੋਕ ਅਜੇ ਵੀ ਲਾਪਤਾ ਹਨ। ਇਸ ਤੋਂ ਇਲਾਵਾ, 2,400 ਤੋਂ ਵੱਧ ਪਸ਼ੂਆਂ ਅਤੇ ਲਗਭਗ 27 ਹਜ਼ਾਰ ਪੋਲਟਰੀ ਪੰਛੀਆਂ ਦੀ ਵੀ ਮੌਤ ਦਰਜ ਕੀਤੀ ਗਈ ਹੈ।
ਪਹਿਲੇ ਅੰਦਾਜ਼ਿਆਂ ਅਨੁਸਾਰ, ਰਾਜ ਨੂੰ 4,582 ਕਰੋੜ ਰੁਪਏ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਇਆ ਹੈ। ਇਸ ਵਿੱਚ ਸਭ ਤੋਂ ਵੱਡਾ ਝਟਕਾ ਲੋਕ ਨਿਰਮਾਣ ਵਿਭਾਗ (PWD) ਨੂੰ ਲੱਗਾ ਹੈ, ਜਿਸਦਾ ਨੁਕਸਾਨ 2,800 ਕਰੋੜ ਰੁਪਏ ਅੰਦਾਜ਼ਿਆ ਗਿਆ ਹੈ। ਜਲ ਸ਼ਕਤੀ ਵਿਭਾਗ ਨੂੰ ਲਗਭਗ 1,405 ਕਰੋੜ ਅਤੇ ਬਿਜਲੀ ਵਿਭਾਗ ਨੂੰ ਲਗਭਗ 139 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਿੱਖਿਆ, ਸਿਹਤ, ਪੇਂਡੂ ਵਿਕਾਸ ਅਤੇ ਮੱਛੀ ਪਾਲਣ ਵਰਗੇ ਖੇਤਰ ਵੀ ਬਹੁਤ ਪ੍ਰਭਾਵਿਤ ਹੋਏ ਹਨ।
ਸਭ ਤੋਂ ਵੱਧ ਨੁਕਸਾਨ ਕਿੱਥੇ
ਜ਼ਿਲ੍ਹਾ-ਵਾਰ ਅੰਕੜਿਆਂ ਮੁਤਾਬਕ ਮੰਡੀ ਵਿੱਚ 66, ਕਾਂਗੜਾ ਵਿੱਚ 57, ਚੰਬਾ ਵਿੱਚ 50, ਸ਼ਿਮਲਾ ਵਿੱਚ 47, ਕੁੱਲੂ ਵਿੱਚ 44 ਅਤੇ ਊਨਾ ਵਿੱਚ 27 ਲੋਕਾਂ ਦੀ ਮੌਤ ਹੋਈ ਹੈ। ਕੁੱਲ ਘਟਨਾਵਾਂ ਵਿੱਚ 52 ਮੌਤਾਂ ਭੂਸਖਲਨ ਨਾਲ, 40 ਡੁੱਬਣ ਨਾਲ, 17 ਬੱਦਲ ਫਟਣ ਨਾਲ ਅਤੇ 11 ਫਲੈਸ਼ ਫਲੱਡ ਕਾਰਨ ਹੋਈਆਂ ਹਨ। ਕੁਝ ਮੌਤਾਂ ਕਰੰਟ ਲੱਗਣ ਅਤੇ ਸੱਪ ਦੇ ਡੰਗ ਵਰਗੇ ਕਾਰਨਾਂ ਨਾਲ ਵੀ ਹੋਈਆਂ।
ਅੱਗੇ ਦੀਆਂ ਚੁਣੌਤੀਆਂ
SDMA ਦਾ ਕਹਿਣਾ ਹੈ ਕਿ ਲਗਾਤਾਰ ਬਾਰਸ਼ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਰਾਹਤ ਕੰਮਾਂ ਵਿੱਚ ਵੀ ਰੁਕਾਵਟਾਂ ਆ ਰਹੀਆਂ ਹਨ। ਭੂਸਖਲਨ, ਸੜਕਾਂ ਦੇ ਧਸਣ ਅਤੇ ਦਰਿਆਵਾਂ ਦੇ ਉਫ਼ਾਨ ਨੇ ਬਚਾਵ ਟੀਮਾਂ ਲਈ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਬਾਰਸ਼ ਦੇ ਚਲਦੇ ਹੋਰ ਹਾਦਸਿਆਂ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ।
Get all latest content delivered to your email a few times a month.