ਤਾਜਾ ਖਬਰਾਂ
ਇੱਕ ਵੱਡੇ ਵਿਕਾਸ ਵਿੱਚ, ਬਠਿੰਡਾ ਦੀ ਸਥਾਨਕ ਅਦਾਲਤ ਨੇ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਮੁੜ ਸੰਮਨ ਜਾਰੀ ਕਰਦਿਆਂ ਉਸਨੂੰ ਜਲਦ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ। ਇਹ ਕਾਰਵਾਈ ਇੱਕ ਬਜ਼ੁਰਗ ਔਰਤ ਕਿਸਾਨ ਪ੍ਰਦਰਸ਼ਨਕਾਰੀ ਖ਼ਿਲਾਫ਼ ਕੀਤੀ ਉਸਦੀ ਟਿੱਪਣੀ ਨੂੰ ਲੈ ਕੇ ਦਰਜ ਮਾਣਹਾਨੀ ਮਾਮਲੇ ਨਾਲ ਸਬੰਧਤ ਹੈ। ਅਗਲੀ ਸੁਣਵਾਈ 29 ਸਤੰਬਰ ਲਈ ਨਿਰਧਾਰਿਤ ਕੀਤੀ ਗਈ ਹੈ। ਇਹ ਹੁਕਮ ਉਸ ਸਮੇਂ ਆਇਆ ਹੈ ਜਦੋਂ ਸੁਪਰੀਮ ਕੋਰਟ ਨੇ ਕੰਗਨਾ ਦੀ ਉਹ ਅਰਜ਼ੀ ਸੁਣਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਉਸਨੇ ਆਪਣੇ ਵਿਰੁੱਧ ਚੱਲ ਰਹੀ ਕਾਰਵਾਈ ਰੱਦ ਕਰਨ ਦੀ ਮੰਗ ਕੀਤੀ ਸੀ।
ਗੌਰ ਕਰਨ ਵਾਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਕੰਗਨਾ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ। ਹਾਈ ਕੋਰਟ ਦੇ ਜਸਟਿਸ ਤ੍ਰਿਭੁਵਨ ਸਿੰਘ ਦਹੀਆ ਨੇ ਸਾਫ਼ ਕਿਹਾ ਸੀ ਕਿ ਕੰਗਨਾ ਵੱਲੋਂ ਰੀਟਵੀਟ ਵਿੱਚ ਕੀਤੇ ਗਏ ਝੂਠੇ ਅਤੇ ਅਪਮਾਨਜਨਕ ਦੋਸ਼ਾਂ ਨਾਲ ਸ਼ਿਕਾਇਤਕਰਤਾ ਦੀ ਸਾਖ ਨੂੰ ਨੁਕਸਾਨ ਹੋਇਆ ਹੈ ਅਤੇ ਉਸਦੀ ਛਵੀ ਲੋਕਾਂ ਦੀਆਂ ਨਜ਼ਰਾਂ ਵਿੱਚ ਘਟਾਈ ਗਈ ਹੈ।
ਕੰਗਨਾ ਨੇ ਆਪਣੇ ਰੀਟਵੀਟ ਵਿੱਚ ਕਿਹਾ ਸੀ ਕਿ "ਹਾ ਹਾ ਹਾ, ਇਹ ਉਹੀ ਦਾਦੀ ਹੈ ਜਿਸਨੂੰ ਟਾਈਮ ਮੈਗਜ਼ੀਨ ਨੇ ਸਭ ਤੋਂ ਪ੍ਰਭਾਵਸ਼ਾਲੀ ਭਾਰਤੀ ਕਿਹਾ ਸੀ... ਅਤੇ ਉਹ 100 ਰੁਪਏ ਵਿੱਚ ਉਪਲਬਧ ਹੈ।" ਇਹ ਟਿੱਪਣੀ ਸ਼ਿਕਾਇਤਕਰਤਾ ਮਹਿੰਦਰ ਕੌਰ ਦੀ ਤਸਵੀਰ ਵਾਲੀ ਇੱਕ ਪੋਸਟ ਨੂੰ ਲੈ ਕੇ ਕੀਤੀ ਗਈ ਸੀ। ਕੌਰ ਦਾ ਦੋਸ਼ ਹੈ ਕਿ ਇਸ ਬਿਆਨ ਨੇ ਨਾ ਸਿਰਫ਼ ਉਸਦੀ ਇਜ਼ਤ ਅਤੇ ਮਾਣ ਨੂੰ ਠੇਸ ਪਹੁੰਚਾਈ ਹੈ, ਸਗੋਂ ਉਸਦੀ ਸਾਥੀ ਪ੍ਰਦਰਸ਼ਨਕਾਰੀਆਂ ਵਿਚਕਾਰ ਛਵੀ ਨੂੰ ਵੀ ਨੁਕਸਾਨ ਪਹੁੰਚਾਇਆ ਹੈ।
ਮਹਿੰਦਰ ਕੌਰ, ਜੋ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹਨ, ਨੇ ਅਦਾਲਤ ਨੂੰ ਦੱਸਿਆ ਕਿ ਉਹ ਕਿਸਾਨ ਅੰਦੋਲਨ ਵਿੱਚ ਸਰਗਰਮ ਹਿੱਸਾ ਲੈਂਦੀਆਂ ਰਹੀਆਂ ਅਤੇ ਕੰਗਨਾ ਦੀਆਂ ਟਿੱਪਣੀਆਂ ਨੇ ਉਸਦਾ ਜਨਤਕ ਮਜ਼ਾਕ ਬਣਾਇਆ ਅਤੇ ਉਸਨੂੰ ਗੰਭੀਰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸੇ ਆਧਾਰ ‘ਤੇ 22 ਫਰਵਰੀ 2022 ਨੂੰ ਬਠਿੰਡਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਕੰਗਨਾ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ। ਇਸ ਹੁਕਮ ਨੂੰ ਚੁਣੌਤੀ ਦੇਣ ਲਈ ਕੰਗਨਾ ਪਹਿਲਾਂ ਹਾਈ ਕੋਰਟ ਤੇ ਬਾਅਦ ਵਿਚ ਸੁਪਰੀਮ ਕੋਰਟ ਗਈ, ਪਰ ਦੋਵੇਂ ਜਗ੍ਹਾਂ ਉਸਦੀ ਪਟੀਸ਼ਨ ਰੱਦ ਹੋ ਗਈ।
Get all latest content delivered to your email a few times a month.