ਤਾਜਾ ਖਬਰਾਂ
ਬਠਿੰਡਾ ਪੁਲਿਸ ਨੇ ਪਿੰਡ ਜੀਦਾ ਦੇ ਗੁਰਪ੍ਰੀਤ ਸਿੰਘ ਨੂੰ ਐਮਜ਼ ਤੋਂ ਛੁੱਟੀ ਮਿਲਦੇ ਹੀ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਗੁਰਪ੍ਰੀਤ ‘ਤੇ ਦੋਸ਼ ਹੈ ਕਿ ਉਹ ਖ਼ੁਦ ਨੂੰ ਮਨੁੱਖੀ ਬੰਬ ਬਣਾਕੇ ਫੌਜ ‘ਤੇ ਵੱਡਾ ਹਮਲਾ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਏਜੰਸੀਆਂ ਨੂੰ ਉਮੀਦ ਹੈ ਕਿ ਪੂਰੀ ਸਾਜ਼ਿਸ਼ ਦੇ ਹੋਰ ਪੱਖਾਂ ਦਾ ਪਰਦਾਫਾਸ਼ ਹੋਵੇਗਾ।
10 ਸਤੰਬਰ ਨੂੰ ਗੁਰਪ੍ਰੀਤ ਦੇ ਘਰ ‘ਚ ਬੰਬ ਤਿਆਰ ਕਰਨ ਦੌਰਾਨ ਭਿਆਨਕ ਧਮਾਕਾ ਹੋਇਆ ਸੀ। ਇਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਇਲਾਜ ਲਈ ਐਮਜ਼ ਦਿੱਲੀ ਲਿਆਂਦਾ ਗਿਆ ਸੀ। ਇਲਾਜ ਦੌਰਾਨ ਉਸਦਾ ਸੱਜਾ ਹੱਥ ਕੱਟਣਾ ਪਿਆ, ਜਿਸ ਕਾਰਨ ਹੁਣ ਤੱਕ ਪੁਲਿਸ ਵੱਲੋਂ ਉਸਦੀ ਪੁੱਛਗਿੱਛ ਸੰਭਵ ਨਹੀਂ ਸੀ।
ਜਾਂਚ ਅਧਿਕਾਰੀਆਂ ਦੇ ਅਨੁਸਾਰ ਗੁਰਪ੍ਰੀਤ, ਜੋ ਕਿ ਕਾਨੂੰਨ ਦਾ ਵਿਦਿਆਰਥੀ ਹੈ, ਨੇ ਬੰਬ ਤਿਆਰ ਕਰਨ ਲਈ ਵੱਡੀ ਮਾਤਰਾ ‘ਚ ਰਸਾਇਣਕ ਪਦਾਰਥ ਆਨਲਾਈਨ ਖਰੀਦੇ ਸਨ। ਉਸ ਨੇ ਇਨ੍ਹਾਂ ਕੈਮੀਕਲਾਂ ਨਾਲ ਕਰੀਬ ਦੋ ਕਿਲੋ ਧਮਾਕਾਖੇਜ਼ ਪਦਾਰਥ ਬਣਾਇਆ ਸੀ। ਪ੍ਰਯੋਗ ਦੌਰਾਨ ਹੀ ਅਚਾਨਕ ਧਮਾਕਾ ਹੋ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਜੇਕਰ ਇਹ ਯੋਜਨਾ ਸਫਲ ਹੋ ਜਾਂਦੀ ਤਾਂ ਫੌਜ ‘ਤੇ ਵੱਡਾ ਹਮਲਾ ਹੋ ਸਕਦਾ ਸੀ। ਗੁਰਪ੍ਰੀਤ ਦੇ ਘਰੋਂ ਬਰਾਮਦ ਕੀਤੇ ਕੈਮੀਕਲ ਬਹੁਤ ਸੰਵੇਦਨਸ਼ੀਲ ਹਨ। ਇਸ ਕਾਰਨ ਬਠਿੰਡਾ ਪੁਲਿਸ ਨੇ ਘਰ ਸੀਲ ਕਰਕੇ ਫੌਜ ਨੂੰ ਵੀ ਜਾਂਚ ਲਈ ਬੇਨਤੀ ਕੀਤੀ ਹੈ।
Get all latest content delivered to your email a few times a month.