ਤਾਜਾ ਖਬਰਾਂ
ਮੋਰਿੰਡਾ ਸਹਿਕਾਰੀ ਸ਼ੂਗਰ ਮਿਲ ਦੇ ਨਵੇਂ ਚੁਣੇ ਗਏ ਬੋਰਡ ਆਫ ਡਾਇਰੈਕਟਰਜ਼ ਨੇ ਅੱਜ ਅਧਿਕਾਰਕ ਤੌਰ ’ਤੇ ਸੇਵਾ ਸੰਭਾਲੀ। ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਅਤੇ ਉਨ੍ਹਾਂ ਦੀ ਟੀਮ ਨੇ ਸ਼ੁਰੂਆਤ ਤੋਂ ਪਹਿਲਾਂ ਮਿਲ ਦੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਅਰਦਾਸ ਕੀਤੀ।
ਇਸ ਮੌਕੇ ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਅਤੇ ਖੁਰਾਕ ਪ੍ਰਸੰਸਕਰਨ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਮਿਲ ਦਾ ਦੌਰਾ ਕਰਕੇ ਬੋਰਡ ਨੂੰ ਵਧਾਈ ਦਿੱਤੀ ਅਤੇ ਭਰੋਸਾ ਜਤਾਇਆ ਕਿ ਨਵਾਂ ਪ੍ਰਬੰਧ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦੇਵੇਗਾ। ਉਨ੍ਹਾਂ ਦੱਸਿਆ ਕਿ ਮਿਲ ਦੀ ਸਮਰੱਥਾ 1800 ਟਨ ਤੋਂ ਵਧਾ ਕੇ 2700 ਟਨ ਕੀਤੀ ਗਈ ਹੈ, ਜਿਸ ਨਾਲ ਨਾ ਸਿਰਫ਼ ਗੰਨਾ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ ਸਗੋਂ ਹੋਰ ਖੇਤਰਾਂ ਵਿੱਚ ਵੀ ਆਰਥਿਕ ਗਤੀਵੇਧੀਆਂ ਵਧਣਗੀਆਂ।
ਐਮ.ਪੀ. ਮਲਵਿੰਦਰ ਸਿੰਘ ਕੰਗ ਨੇ ਮਿਲ ਦੇ ਹੋਰ ਅੱਪਗਰੇਡ ਕਰਨ ਦੀ ਗੱਲ ਕੀਤੀ ਅਤੇ ਯਾਦ ਦਿਵਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਦੇਸ਼ ਭਰ ਵਿੱਚ ਸਭ ਤੋਂ ਵੱਧ ਬੋਨਸ - 61 ਰੁਪਏ ਪ੍ਰਤੀ ਕਵਿੰਟਲ - ਆਪਣੀ ਤਰਫੋਂ ਦਿੰਦੀ ਹੈ। ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਫਸਲ ਫੇਰਬਦਲ ਵਿੱਚ ਗੰਨਾ ਇੱਕ ਮਹੱਤਵਪੂਰਨ ਵਿਕਲਪ ਹੈ ਅਤੇ ਇਸ ਨਾਲ ਪਾਣੀ ਦੀ ਬਚਤ ਵੀ ਸੰਭਵ ਹੈ।
ਇਸ ਪ੍ਰੋਗਰਾਮ ਵਿੱਚ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਂਦਾ, ਵਿਧਾਇਕ ਰੁਪਿੰਦਰ ਸਿੰਘ ਹੈਪੀ, ਵਿਧਾਇਕ ਲਖਵੀਰ ਸਿੰਘ ਰਾਏ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮੈਂਬਰ ਬੀਰਦਵਿੰਦਰ ਸਿੰਘ ਬੱਲਾਂ, ਮਾਰਕੀਟ ਕਮੇਟੀਆਂ ਦੇ ਚੇਅਰਮੈਨ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਸਮੇਤ ਵੱਡੀ ਗਿਣਤੀ ਵਿੱਚ ਪ੍ਰਮੁੱਖ ਹਸਤੀਆਂ ਮੌਜੂਦ ਰਹੀਆਂ।
Get all latest content delivered to your email a few times a month.