ਤਾਜਾ ਖਬਰਾਂ
ਆਮ ਲੋਕਾਂ ਦੀ ਸਹੂਲਤ ਲਈ ਚੁੱਕਿਆ ਅਹਿਮ ਕਦਮ
ਚੰਡੀਗੜ੍ਹ, 19 ਸਤੰਬਰ:
ਖਪਤਕਾਰ-ਪੱਖੀ ਪਹਿਲਕਦਮੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਮ ਜਨਤਾ ਨੂੰ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਵੇਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ, ਜੋ ਕਿ ਪੰਜਾਬ ਦੀ ਕਿਸਾਨ ਸਹਿਕਾਰੀ ਸੰਸਥਾ ਮਿਲਕਫੈੱਡ ਦਾ ਇੱਕ ਭਰੋਸੇਮੰਦ ਬ੍ਰਾਂਡ ਹੈ, ਵੱਲੋਂ ਆਪਣੇ ਦੁੱਧ ਅਤੇ ਦੁੱਧ ਤੋ ਬਣੇ ਉਤਪਾਦਾਂ ਦੀ ਪ੍ਰਸਿੱਧ ਸ਼੍ਰੇਣੀ ਦੀਆਂ ਕੀਮਤਾਂ ਵਿੱਚ ਮਹੱਤਵਪੂਰਨ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਧੀਆਂ ਕੀਮਤਾਂ 22 ਸਤੰਬਰ, 2025 ਦੀ ਸਵੇਰ ਤੋਂ ਲਾਗੂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਕੀਮਤਾਂ ਭਾਰਤ ਸਰਕਾਰ ਦੇ ਜੀ.ਐਸ.ਟੀ. 2.0 ਸੁਧਾਰਾਂ ਮੁਤਾਬਕ ਹੋਣਗੀਆਂ, ਜਿਸ ਤਹਿਤ ਜ਼ਰੂਰੀ ਡੇਅਰੀ ਉਤਪਾਦਾਂ 'ਤੇ ਟੈਰਿਫ ਘਟਾਏ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਉਪਾਅ ਸੂਬੇ ਦੇ ਸਹਿਕਾਰੀ ਮਾਡਲ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਪੰਜਾਬ ਦੇ ਲੋਕਾਂ ਲਈ ਕਾਫੀ ਲਾਹੇਵੰਦ ਸਿੱਧ ਹੋਣਗੇ।
ਨਵੀਂਆਂ ਕੀਮਤਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖਪਤਕਾਰਾਂ ਨੂੰ ਵੇਰਕਾ ਘਿਓ 30 ਤੋਂ 35 ਰੁਪਏ ਪ੍ਰਤੀ ਲੀਟਰ/ਕਿਲੋਗ੍ਰਾਮ ਸਸਤਾ ਮਿਲੇਗਾ। ਉਨ੍ਹਾਂ ਕਿਹਾ ਕਿ ਟੇਬਲ ਬਟਰ ਦੀ ਕੀਮਤ 30 ਰੁਪਏ ਪ੍ਰਤੀ ਕਿਲੋਗ੍ਰਾਮ, ਅਨਸਾਲਟੇਡ ਬਟਰ ਦੀ ਕੀਮਤ 35 ਰੁਪਏ ਪ੍ਰਤੀ ਕਿਲੋਗ੍ਰਾਮ, ਪ੍ਰੋਸੈਸਡ ਪਨੀਰ ਦੀ ਕੀਮਤ 20 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਯੂ.ਐਚ.ਟੀ. ਦੁੱਧ (ਸਟੈਂਡਰਡ, ਟੋਨਡ ਅਤੇ ਡਬਲ ਟੋਨਡ) ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਘਟਾਈ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਈਸ ਕਰੀਮ (ਗੈਲਨ, ਬਰਿੱਕ ਅਤੇ ਟੱਬ) ਵਰਗੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ 10 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਹੈ ਅਤੇ ਪਨੀਰ ਦੀ ਕੀਮਤ ਵੀ 15 ਰੁਪਏ ਪ੍ਰਤੀ ਕਿਲੋਗ੍ਰਾਮ ਘਟਾਈ ਗਈ ਹੈ।
ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਕੀਮਤਾਂ ਵਿੱਚ ਕੀਤੀ ਇਸ ਸੋਧ ਨਾਲ ਲੋਕਾਂ ਨੂੰ ਕਈ ਲਾਭ ਮਿਲਣਗੇ, ਉਤਪਾਦਾਂ ਤੱਕ ਪਹੁੰਚ ਵਧੇਗੀ ਅਤੇ ਖਪਤਕਾਰਾਂ ਦੀ ਮੰਗ ਤੇ ਵਿਕਰੀ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਕਰ ਵਸੂਲੀ ਵਿੱਚ ਵੀ ਵਾਧਾ ਹੋਵੇਗਾ ਜਿਸ ਨਾਲ ਸੂਬੇ ਦੀ ਵਿੱਤੀ ਸਥਿਤੀ ਹੋਰ ਮਜ਼ਬੂਤ ਹੋਵੇਗੀ ਅਤੇ ਇਸ ਦੇ ਨਾਲ-ਨਾਲ ਵਿਕਾਸ, ਗੁਣਵੱਤਾ ਦੇ ਮਿਆਰ ਅਤੇ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੋਧਾਂ ਮਹਿੰਗਾਈ ਤੋਂ ਪ੍ਰਭਾਵਿਤ ਖਪਤਕਾਰਾਂ ਲਈ ਬੇਹੱਦ ਲੋੜੀਂਦੀ ਰਾਹਤ ਪ੍ਰਦਾਨ ਕਰਨਗੀਆਂ ਅਤੇ ਸੰਗਠਿਤ ਡੇਅਰੀ ਉਤਪਾਦਾਂ ਦੀ ਮੰਗ ਵਿੱਚ ਵਾਧਾ ਕਰਨਗੀਆਂ ਜਿਸ ਨਾਲ ਖਪਤਕਾਰਾਂ ਦੀ ਭਲਾਈ ਅਤੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕੇਗਾ।
Get all latest content delivered to your email a few times a month.