ਤਾਜਾ ਖਬਰਾਂ
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਥਵਾਲਾ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਾਂ ਨੇ ਆਪਣੇ ਹੀ ਛੋਟੇ ਪੁੱਤਰ ਅਤੇ ਨੂੰਹ 'ਤੇ ਮਾਰ-ਕੁੱਟ ਅਤੇ ਘਰੋਂ ਕੱਢਣ ਦੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਮਹਿਲਾ ਸੁਦੇਸ਼ ਕੁਮਾਰੀ ਨੇ ਦੱਸਿਆ ਕਿ ਉਸਦੇ ਛੋਟੇ ਪੁੱਤਰ ਨੇ ਆਪਣੀ ਪਤਨੀ ਨਾਲ ਮਿਲ ਕੇ ਪੈਸੇ ਅਤੇ ਜਾਇਦਾਦ ਦੇ ਲਾਲਚ ਵਿਚ ਉਸਨੂੰ ਬੇਰਹਮੀ ਨਾਲ ਮਾਰਿਆ।
ਮਹਿਲਾ ਇਸ ਵੇਲੇ ਪਿਛਲੇ 12 ਦਿਨਾਂ ਤੋਂ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਸਦੇ ਬਿਆਨ ਅਨੁਸਾਰ, ਛੋਟਾ ਪੁੱਤਰ ਆਪਣੇ ਮਰਹੂਮ ਪਿਤਾ ਦੀ ਆਉਂਦੀ ਪੈਨਸ਼ਨ ਵੀ ਖੋਹ ਲੈਂਦਾ ਹੈ ਅਤੇ ਘਰ ਤੇ ਜਾਇਦਾਦ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਦਬਾਅ ਕਾਰਨ ਉਸਦਾ ਵੱਡਾ ਪੁੱਤਰ ਘਰ ਛੱਡ ਚੁੱਕਾ ਹੈ, ਜਦਕਿ ਵਿਚਕਾਰਲਾ ਪੁੱਤਰ ਆਪਣੀ ਮਾਂ ਦੀ ਦੇਖਭਾਲ ਕਰ ਰਿਹਾ ਹੈ।
ਸੁਦੇਸ਼ ਕੁਮਾਰੀ ਦਾ ਕਹਿਣਾ ਹੈ ਕਿ ਬੀਤੇ ਦਿਨ ਉਸਦੇ ਨਾਲ ਦੁਬਾਰਾ ਹਿੰਸਾ ਹੋਈ, ਜਿਸ ਕਾਰਨ ਉਸਨੂੰ ਹਸਪਤਾਲ 'ਚ ਦਾਖ਼ਲ ਕਰਨਾ ਪਿਆ।
ਇਸ ਸਬੰਧ 'ਚ ਜਦੋਂ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ, ਉਨ੍ਹਾਂ ਨੇ ਦੱਸਿਆ ਕਿ ਮਹਿਲਾ ਵੱਲੋਂ ਹਾਲੇ ਤੱਕ ਪੁਲਿਸ ਨੂੰ ਅਧਿਕਾਰਕ ਬਿਆਨ ਨਹੀਂ ਦਿੱਤੇ ਗਏ ਹਨ। ਜਿਵੇਂ ਹੀ ਉਹ ਬਿਆਨ ਦੇਵੇਗੀ, ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾਵੇਗੀ। ਜਾਇਦਾਦ ਸਬੰਧੀ ਮਾਮਲੇ ਦੀ ਵੀ ਪੁਸ਼ਟੀ ਅਤੇ ਜਾਂਚ ਕੀਤੀ ਜਾਵੇਗੀ, ਤਾਂ ਜੋ ਪਤਾ ਲੱਗ ਸਕੇ ਕਿ ਹੱਕ ਕਿਸਦਾ ਹੈ।
ਇਹ ਮਾਮਲਾ ਕਲਯੁੱਗ ਦੇ ਉਸ ਕਾਲੇ ਚਿਹਰੇ ਨੂੰ ਬੇਨਕਾਬ ਕਰਦਾ ਹੈ ਜਿੱਥੇ ਮਾਂ-ਪਿਉ ਲਈ ਸਾਰੀ ਉਮਰ ਦੁਆਵਾਂ ਮੰਗਣ ਵਾਲੇ ਬੱਚੇ ਹੀ ਲਾਲਚ ਵਿੱਚ ਆ ਕੇ ਉਨ੍ਹਾਂ ਨੂੰ ਦੁੱਖਾਂ ਦੇ ਰਾਹੇ ਧੱਕ ਦਿੰਦੇ ਹਨ।
Get all latest content delivered to your email a few times a month.