ਤਾਜਾ ਖਬਰਾਂ
ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ (Hong Kong International Airport) 'ਤੇ ਸੋਮਵਾਰ ਤੜਕੇ ਵਾਪਰੇ ਇੱਕ ਭਿਆਨਕ ਹਾਦਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦੁਬਈ ਤੋਂ ਆ ਰਿਹਾ ਇੱਕ ਬੋਇੰਗ 747 ਕਾਰਗੋ ਜਹਾਜ਼ (Boeing 747 Cargo Plane), ਜੋ ਐਮੀਰੇਟਸ ਸਕਾਈਕਾਰਗੋ (Emirates SkyCargo) ਲਈ ਤੁਰਕੀ ਏਅਰ ਕਾਰਗੋ ਕੰਪਨੀ ਏਅਰਏਸੀਟੀ (AirACT) ਵੱਲੋਂ ਚਲਾਇਆ ਜਾ ਰਿਹਾ ਸੀ, ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਕੇ ਸਮੁੰਦਰ ਵਿੱਚ ਜਾ ਡਿੱਗਿਆ।
ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 3:50 ਵਜੇ, ਜਦੋਂ ਜਹਾਜ਼ ਉਤਰ ਰਿਹਾ ਸੀ, ਤਦ ਮੌਸਮ ਖਰਾਬ ਸੀ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਸ਼ੁਰੂਆਤੀ ਰਿਪੋਰਟਾਂ ਮੁਤਾਬਕ, ਜਹਾਜ਼ ਨੇ ਕੰਟਰੋਲ ਗੁਆ ਦਿੱਤਾ ਅਤੇ ਰਨਵੇ ‘ਤੇ ਮੌਜੂਦ ਇੱਕ ਗਰਾਊਂਡ ਸਪੋਰਟ ਵਹੀਕਲ (Ground Support Vehicle) ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਜਹਾਜ਼ ਰਨਵੇ ਤੋਂ ਤਿਲਕ ਕੇ ਸਿੱਧਾ ਸਮੁੰਦਰ ਵਿੱਚ ਜਾ ਡਿੱਗਿਆ, ਜਿਸ ਨਾਲ ਜਹਾਜ਼ ਦਾ ਇੱਕ ਹਿੱਸਾ ਟੁੱਟ ਗਿਆ।
ਇਸ ਹਾਦਸੇ ਵਿੱਚ ਦੋ ਗਰਾਊਂਡ ਸਟਾਫ ਮੈਂਬਰਾਂ ਦੀ ਮੌਤ ਹੋ ਗਈ, ਜੋ ਉਸ ਵਾਹਨ ਵਿੱਚ ਸਵਾਰ ਸਨ, ਜਿਸ ਨਾਲ ਜਹਾਜ਼ ਟਕਰਾਇਆ। ਜਹਾਜ਼ ਵਿੱਚ ਮੌਜੂਦ ਚਾਰ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਹਾਲਾਂਕਿ ਉਹਨਾਂ ਨੂੰ ਹਲਕੀਆਂ ਚੋਟਾਂ ਕਾਰਨ ਹਸਪਤਾਲ ਭੇਜਿਆ ਗਿਆ ਹੈ।
ਹਾਦਸੇ ਦੀ ਖ਼ਬਰ ਮਿਲਦੇ ਹੀ ਏਅਰਪੋਰਟ ਪ੍ਰਸ਼ਾਸਨ ਨੇ ਐਮਰਜੈਂਸੀ ਸੇਵਾਵਾਂ ਸਰਗਰਮ ਕਰ ਦਿੱਤੀਆਂ। ਤੁਰੰਤ ਬਚਾਅ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ, ਜਿਨ੍ਹਾਂ ਨੇ ਪਾਣੀ ਵਿੱਚ ਡਿੱਗੇ ਜਹਾਜ਼ ਤੋਂ ਕਰੂ ਮੈਂਬਰਾਂ ਨੂੰ ਬਚਾ ਲਿਆ। ਹਾਦਸੇ ਤੋਂ ਬਾਅਦ ਉੱਤਰੀ ਰਨਵੇ (North Runway) ਨੂੰ ਬੰਦ ਕਰ ਦਿੱਤਾ ਗਿਆ ਹੈ, ਜਦਕਿ ਹੋਰ ਦੋ ਰਨਵੇ ਤੋਂ ਉਡਾਣਾਂ ਜਾਰੀ ਹਨ।
ਬਚਾਅ ਟੀਮਾਂ ਨੇ ਜਹਾਜ਼ ਦਾ ਬਲੈਕ ਬਾਕਸ (Black Box) ਬਰਾਮਦ ਕਰ ਲਿਆ ਹੈ। ਹਾਂਗਕਾਂਗ ਸਿਵਲ ਏਵੀਏਸ਼ਨ ਵਿਭਾਗ (Civil Aviation Department) ਨੇ ਇਸ ਮਾਮਲੇ ਦੀ ਉੱਚ-ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹਾਂਗਕਾਂਗ ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਅਥਾਰਟੀ ਇਹ ਪਤਾ ਲਗਾ ਰਹੀ ਹੈ ਕਿ ਹਾਦਸਾ ਪਾਇਲਟ ਦੀ ਗਲਤੀ, ਤਕਨੀਕੀ ਖਰਾਬੀ ਜਾਂ ਮੌਸਮੀ ਕਾਰਨਾਂ ਕਰਕੇ ਵਾਪਰਿਆ।
ਇਹ ਬੋਇੰਗ ਜਹਾਜ਼ ਲਗਭਗ 32 ਸਾਲ ਪੁਰਾਣਾ ਸੀ ਅਤੇ ਵਿਸ਼ਲੇਸ਼ਕਾਂ ਦੇ ਅਨੁਸਾਰ, ਇਹ ਹਾਦਸਾ ਹਾਂਗਕਾਂਗ ਏਅਰਪੋਰਟ ਦੇ 27 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਹਵਾਈ ਹਾਦਸਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
Get all latest content delivered to your email a few times a month.