ਤਾਜਾ ਖਬਰਾਂ
ਯੂਗਾਂਡਾ ਵਿੱਚ ਬੁੱਧਵਾਰ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਨੇ ਪੂਰੇ ਦੇਸ਼ ਨੂੰ ਝੰਝੋੜ ਕੇ ਰੱਖ ਦਿੱਤਾ। ਇਹ ਦੁਰਘਟਨਾ ਗੁਲੂ ਸ਼ਹਿਰ ਨੂੰ ਜਾਣ ਵਾਲੇ ਹਾਈਵੇ 'ਤੇ ਵਾਪਰੀ, ਜਿੱਥੇ ਦੋ ਬੱਸਾਂ ਅਤੇ ਦੋ ਹੋਰ ਵਾਹਨ ਆਪਸ ਵਿੱਚ ਟਕਰਾ ਗਏ। ਇਸ ਟੱਕਰ ਵਿੱਚ ਘੱਟੋ-ਘੱਟ 63 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਗੰਭੀਰ ਤੌਰ 'ਤੇ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਮੁਤਾਬਕ, ਇਹ ਹਾਦਸਾ ਇੱਕ ਲਾਪਰਵਾਹ ਓਵਰਟੇਕ ਕਾਰਨ ਵਾਪਰਿਆ। ਦੋਵੇਂ ਬੱਸ ਚਾਲਕ, ਜੋ ਉਲਟੀ ਦਿਸ਼ਾਵਾਂ ਤੋਂ ਆ ਰਹੇ ਸਨ, ਨੇ ਇੱਕੋ ਸਮੇਂ ਦੂਜੀਆਂ ਗੱਡੀਆਂ ਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਕਿਰਯਾਨਡੋਂਗੋ ਖੇਤਰ ਨੇੜੇ ਦੋਵੇਂ ਬੱਸਾਂ ਅਤੇ ਦੋ ਹੋਰ ਵਾਹਨਾਂ ਦੀ ਟੱਕਰ ਹੋ ਗਈ। ਇਹ ਹਾਦਸਾ ਹਾਲੀਆ ਸਾਲਾਂ ਵਿੱਚ ਯੂਗਾਂਡਾ ਵਿੱਚ ਵਾਪਰੇ ਸਭ ਤੋਂ ਗੰਭੀਰ ਹਾਦਸਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
ਰੈੱਡ ਕਰਾਸ ਦੀ ਬੁਲਾਰਾ ਆਇਰੀਨ ਨਾਕਾਸੀਤਾ ਨੇ ਇਸ ਘਟਨਾ ਨੂੰ “ਬਹੁਤ ਵੱਡੀ” ਦੁਰਘਟਨਾ ਕਿਹਾ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਬਹੁਤ ਗੰਭੀਰ ਹੈ - ਕਈਆਂ ਦੇ ਹੱਥ-ਪੈਰ ਟੁੱਟੇ ਹੋਏ ਹਨ ਅਤੇ ਉਹ ਖੂਨ ਨਾਲ ਲਥਪਥ ਸਨ।
ਯੂਗਾਂਡਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਡਰਾਈਵਰਾਂ ਨੂੰ ਸਖ਼ਤ ਸਾਵਧਾਨੀ ਬਰਤਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਿਹਾ ਕਿ ਡਰਾਈਵਰਾਂ ਨੂੰ “ਖ਼ਤਰਨਾਕ ਓਵਰਟੇਕ” ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਦੇਸ਼ ਵਿੱਚ ਸੜਕ ਹਾਦਸਿਆਂ ਦਾ ਮੁੱਖ ਕਾਰਨ ਹੈ।
ਯੂਗਾਂਡਾ ਵਿੱਚ ਸੜਕਾਂ ਦੀ ਚੌੜਾਈ ਘੱਟ ਹੋਣ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੀ ਪ੍ਰਵਿਰਤੀ ਕਾਰਨ ਸੜਕ ਹਾਦਸੇ ਆਮ ਹਨ। ਪੂਰਬੀ ਅਫਰੀਕਾ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਇੱਥੇ ਵੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਗੰਭੀਰ ਚੁਣੌਤੀ ਬਣੀ ਹੋਈ ਹੈ।
Get all latest content delivered to your email a few times a month.