ਤਾਜਾ ਖਬਰਾਂ
ਤਰਨਤਾਰਨ ਜ਼ਿਲ੍ਹੇ ਦੇ ਪੁਲਿਸ ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਨੱਥੂਪੁਰ ਵਿੱਚ ਬੁੱਧਵਾਰ ਸਵੇਰੇ ਇੱਕ ਹੱਤਿਆ ਦੀ ਘਟਨਾ ਸਾਹਮਣੇ ਆਈ। ਸਾਬਕਾ ਫੌਜੀ ਹਰਪਾਲ ਸਿੰਘ ਪਾਲਾ ਪੁੱਤਰ ਬਲਕਾਰ ਸਿੰਘ ਵਾਸੀ ਨੱਥੂਪੁਰ ਨੇ ਆਪਣੇ ਚਚੇਰੇ ਭਰਾ ਰਣਜੀਤ ਸਿੰਘ ਰਾਣਾ (ਉਮਰ 38 ਸਾਲ) ਪੁੱਤਰ ਬਲੀ ਸਿੰਘ ਵਾਸੀ ਨੱਥੂਪੁਰ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
ਮ੍ਰਿਤਕ ਰਣਜੀਤ ਸਿੰਘ ਗੁਰਦੁਆਰਾ ਈਸ਼ਰਸਰ ਨਾਨਕਸਰ, ਹਰੀਕੇ ਪੱਤਣ ਵਿੱਚ ਗ੍ਰੰਥੀ ਸਿੰਘ ਵਜੋਂ ਸੇਵਾ ਕਰ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਦੋਹਾਂ ਦੇ ਵਿਚਕਾਰ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਦੋਹਾਂ ਦੇ ਘਰ ਇੱਕ-ਦੂਜੇ ਦੇ ਬਹੁਤ ਨੇੜੇ ਹਨ। ਘਟਨਾ ਦੇ ਦੌਰਾਨ ਰਣਜੀਤ ਸਿੰਘ ਜਦੋਂ ਸਵੇਰੇ ਆਪਣੇ ਘਰੋਂ ਬਾਹਰ ਨਿਕਲੇ, ਹਰਪਾਲ ਸਿੰਘ ਵੱਲੋਂ ਰਾਈਫ਼ਲ ਨਾਲ ਗੋਲੀਆਂ ਚਲਾਈਆਂ ਗਈਆਂ।
ਮ੍ਰਿਤਕ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕੀਤਾ। ਰਣਜੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਸਦਾ ਇੱਕ ਪੁੱਤਰ ਹੈ।
ਥਾਣਾ ਚੋਹਲਾ ਸਾਹਿਬ ਦੇ ਐਸਐਚਓ ਬਲਜਿੰਦਰ ਸਿੰਘ ਤੁਰੰਤ ਘਟਨਾ ਸਥਲ ਤੇ ਪੁੱਜੇ ਅਤੇ ਵਾਰਦਾਤ ਦੀ ਜਾਂਚ ਸ਼ੁਰੂ ਕੀਤੀ। ਐਸਐਚਓ ਨੇ ਦੱਸਿਆ ਕਿ ਦੋਸ਼ੀ ਹਰਪਾਲ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਉਸਨੂੰ ਕਾਬੂ ਕੀਤਾ ਜਾਵੇਗਾ।
Get all latest content delivered to your email a few times a month.