IMG-LOGO
ਹੋਮ ਪੰਜਾਬ: ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ...

ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮਾਂ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਸੱਦਾ

Admin User - Oct 23, 2025 08:08 AM
IMG

ਚੰਡੀਗੜ੍ਹ/ਗੁਹਾਟੀ- ਪੰਜਾਬ ਸਰਕਾਰ ਦੇ ਇੱਕ ਵਫ਼ਦ ਨੇ, ਜਿਸ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਕਰ ਰਹੇ ਸਨ, ਨੇ ਅੱਜ ਗੁਹਾਟੀ ਵਿਖੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮਾਂ ਲਈ ਰਸਮੀ ਸੱਦਾ ਦਿੱਤਾ।

ਇਸ ਉੱਚ-ਪੱਧਰੀ ਮੀਟਿੰਗ ਦੌਰਾਨ ਕੌਮੀ ਏਕਤਾ ਦੀ ਭਾਵਨਾ ਤੇ ਜੋਰ ਦਿੱਤਾ ਗਿਆ ਅਤੇ ਨੌਵੇਂ ਸਿੱਖ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਨੂੰ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਨ੍ਹਾਂ ਦੀ ਮਹਾਨ ਕੁਰਬਾਨੀ ਕਾਰਨ 'ਹਿੰਦ ਦੀ ਚਾਦਰ' ਵਜੋਂ ਜਾਣਿਆ ਜਾਂਦਾ ਹੈ, ਪ੍ਰਤੀ ਡੂੰਘਾ ਸਤਿਕਾਰ ਪ੍ਰਗਟ ਕੀਤਾ ਗਿਆ।

ਕੈਬਨਿਟ ਮੰਤਰੀਆਂ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਲਾਲ ਚੰਦ ਕਟਾਰੂਚੱਕ ਨੇ ਮੁੱਖ ਮੰਤਰੀ ਸਰਮਾ ਨੂੰ ਨਿੱਜੀ ਤੌਰ 'ਤੇ ਸੱਦਾ ਪੱਤਰ ਸੌਂਪਿਆ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸ਼ਾਨਦਾਰ ਯਾਦਗਾਰੀ ਸਮਾਗਮਾਂ ਦੀ ਰੂਪ-ਰੇਖਾ ਦੱਸੀ ਗਈ। ਇਹ ਸਮਾਗਮ ਵੱਖ-ਵੱਖ ਇਤਿਹਾਸਕ ਅਸਥਾਨਾਂ, ਜਿਹੜੇ ਗੁਰੂ ਜੀ ਦੇ ਜੀਵਨ, ਸਿੱਖਿਆਵਾਂ ਅਤੇ ਬੇਮਿਸਾਲ ਕੁਰਬਾਨੀ ਨਾਲ ਸਬੰਧਤ ਹਨ, 'ਤੇ ਕਰਵਾਏ ਜਾਣੇ ਹਨ।

ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਸਰਬ-ਵਿਆਪਕ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਧਾਰਮਿਕ ਸੀਮਾਵਾਂ ਤੋਂ ਪਾਰ ਹੈ। ਇਹ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਇੱਕ ਸ਼ਕਤੀਸ਼ਾਲੀ ਪ੍ਰੇਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਸਾਹਿਬ ਦੇ ਸਰਬ-ਸਾਂਝੀਵਾਲਤਾ ਅਤੇ ਬਹਾਦਰੀ ਦੇ ਸੰਦੇਸ਼ ਦੇ ਪਸਾਰ ਲਈ ਮੁੱਖ ਮੰਤਰੀ ਸਰਮਾ ਨੂੰ ਸੱਦਾ ਦੇਣ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਇਹ ਇਤਿਹਾਸਕ ਸਮਾਗਮ ਕੌਮੀ ਭਾਈਵਾਲੀ ਅਤੇ ਏਕਤਾ ਨਾਲ ਮਨਾਇਆ ਜਾਵੇ।

ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੱਖ-ਵੱਖ ਸੂਬਿਆਂ ਵਿਚਕਾਰ ਸਾਂਝੇ ਅਧਿਆਤਮਿਕ ਸਬੰਧਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਸਾਮ ਦੇ ਲੋਕ ਵੀ ਸਿੱਖ ਗੁਰੂਆਂ ਲਈ ਡੂੰਘਾ ਸਤਿਕਾਰ ਰੱਖਦੇ ਹਨ, ਅਤੇ ਸਾਡਾ ਮੰਨਣਾ ਹੈ ਕਿ ਮੁੱਖ ਮੰਤਰੀ ਸਰਮਾ ਦੀ ਮੌਜੂਦਗੀ ਪੰਜਾਬ ਅਤੇ ਅਸਾਮ ਦਰਮਿਆਨ ਸੱਭਿਆਚਾਰਕ ਅਤੇ ਇਤਿਹਾਸਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ।

ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪੰਜਾਬ ਦੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਤੀ ਆਪਣਾ ਡੂੰਘਾ ਸਤਿਕਾਰ ਪ੍ਰਗਟਾਇਆ। ਉਨ੍ਹਾਂ ਮੰਤਰੀਆਂ ਨੂੰ ਭਰੋਸਾ ਦਿੱਤਾ ਕਿ ਅਸਾਮ ਸਰਕਾਰ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਵਿੱਚ ਗੁਰੂ ਸਾਹਿਬ ਦੇ ਯਾਦਗਾਰੀ ਯੋਗਦਾਨ ਦਾ ਸਨਮਾਨ ਕਰਦੀ ਹੈ। ਸੱਦਾ ਸਵੀਕਾਰ ਕਰਦੇ ਹੋਏ, ਮੁੱਖ ਮੰਤਰੀ ਸਰਮਾ ਨੇ ਇੰਨ੍ਹਾਂ ਯਾਦਗਾਰੀ ਸਮਾਗਮਾਂ ਦੀ ਸਫ਼ਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਇਤਿਹਾਸਕ ਮੌਕੇ ਨੂੰ ਮਨਾਉਣ ਦੇ ਸਬੰਧ ਵਿੱਚ ਸਾਰੀਆਂ ਸੰਭਾਵਨਾਵਾਂ ਦੀ ਤਲਾਸ਼ ਕਰੇਗੀ, ਕਿਉਂਕਿ ਗੁਰੂ ਸਾਹਿਬ ਕੌਮੀ ਚੇਤਨਾ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੇ ਹਨ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.