IMG-LOGO
ਹੋਮ ਰਾਸ਼ਟਰੀ: ਮਲੇਸ਼ੀਆ 'ਚ 47ਵਾਂ ਆਸੀਆਨ ਸਿਖਰ ਸੰਮੇਲਨ ਸ਼ੁਰੂ, PM ਮੋਦੀ ਵਰਚੁਅਲ...

ਮਲੇਸ਼ੀਆ 'ਚ 47ਵਾਂ ਆਸੀਆਨ ਸਿਖਰ ਸੰਮੇਲਨ ਸ਼ੁਰੂ, PM ਮੋਦੀ ਵਰਚੁਅਲ ਹੋਣਗੇ ਸ਼ਾਮਲ, ਤੀਮੋਰ-ਲੇਸਤੇ ਬਣੇਗਾ 11ਵਾਂ ਮੈਂਬਰ

Admin User - Oct 26, 2025 10:51 AM
IMG

ਮਲੇਸ਼ੀਆ ਵਿੱਚ ਆਯੋਜਿਤ ਹੋ ਰਹੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ (ਆਸੀਆਨ) ਦੇ 47ਵੇਂ ਸਿਖਰ ਸੰਮੇਲਨ ਦੀ ਸ਼ੁਰੂਆਤ ਅੱਜ ਐਤਵਾਰ ਤੋਂ ਹੋ ਰਹੀ ਹੈ। ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਮੋਦੀ ਮਲੇਸ਼ੀਆ ਨਹੀਂ ਜਾ ਰਹੇ ਹਨ, ਸਗੋਂ ਉਹ ਵਰਚੁਅਲ ਮਾਧਿਅਮ ਰਾਹੀਂ ਸ਼ਾਮਲ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਦੇ ਸੰਮੇਲਨ ਦਾ ਵਿਸ਼ਾ - ਸਮਾਵੇਸ਼ ਅਤੇ ਸਥਿਰਤਾ (Inclusion and Sustainability) ਹੈ।


ਤੀਮੋਰ-ਲੇਸਤੇ ਇਸ ਵਾਰ ਸੰਗਠਨ ਦਾ 11ਵਾਂ ਮੈਂਬਰ ਬਣਨ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 8 ਅਗਸਤ 1967 ਨੂੰ ਬੈਂਕਾਕ ਵਿੱਚ ਆਸੀਆਨ ਦੀ ਸਥਾਪਨਾ ਹੋਈ ਸੀ। ਇਸ ਵਿੱਚ ਸ਼ਾਮਲ ਮੈਂਬਰ ਦੇਸ਼ ਹਨ – ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ।


ਸੰਮੇਲਨ ਵਿੱਚ ਮਿਆਂਮਾਰ ਦੇ ਰੋਹਿੰਗਿਆ ਭਾਈਚਾਰੇ ਦੀ ਸਥਿਤੀ, ਦੱਖਣੀ ਚੀਨ ਸਾਗਰ ਵਿੱਚ ਤਣਾਅ ਅਤੇ ਗਾਜ਼ਾ ਦੀ ਸਥਿਤੀ 'ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਬੀਤੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਗੱਲ ਕੀਤੀ ਅਤੇ ਆਸੀਆਨ ਦੀ ਪ੍ਰਧਾਨਗੀ ਸੰਭਾਲਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸੰਮੇਲਨ ਦੀ ਸਫਲਤਾ ਦੀ ਕਾਮਨਾ ਕਰਦੇ ਹੋਏ ਭਾਰਤ-ਆਸੀਆਨ ਦੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ।


26 ਤੋਂ 28 ਅਕਤੂਬਰ ਤੱਕ ਚੱਲਣ ਵਾਲੇ ਤਿੰਨ-ਰੋਜ਼ਾ ਸੰਮੇਲਨ ਵਿੱਚ ਮਲੇਸ਼ੀਆਈ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਆਸੀਆਨ ਦੇਸ਼ਾਂ ਦੇ ਮੁਖੀਆਂ ਦੇ ਨਾਲ-ਨਾਲ ਅਮਰੀਕਾ, ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਹੋਰ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਮੇਜ਼ਬਾਨੀ ਕਰ ਰਹੇ ਹਨ। ਇਸ ਸੰਮੇਲਨ ਵਿੱਚ ਕੁੱਲ ਦਸ ਮੈਂਬਰ ਦੇਸ਼ਾਂ ਸਮੇਤ 30 ਤੋਂ ਵੱਧ ਰਾਸ਼ਟਰ ਮੁਖੀਆਂ ਨੂੰ ਸੱਦਾ ਦਿੱਤਾ ਗਿਆ ਹੈ।


ਮਲੇਸ਼ੀਆ ਦੀ ਰਾਜਧਾਨੀ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਊਂਗ, ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਅਤੇ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ ਸੰਮੇਲਨ ਵਿੱਚ ਸ਼ਾਮਲ ਹੋਣਗੇ। ਸੰਮੇਲਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਵੀ ਸ਼ਿਰਕਤ ਕਰਨਗੇ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਅਤੇ ਹੋਰ ਗਲੋਬਲ ਸੰਗਠਨਾਂ ਸਮੇਤ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀਆਂ ਦੇ ਵੀ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.