ਤਾਜਾ ਖਬਰਾਂ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਯੂਨੀਵਰਸਿਟੀ ਦੀ ਚੁਣੀਆਂ ਹੋਈਆਂ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰਨ ਤੇ ਇਹਨਾਂ ਨੂੰ ਨਾਮਜ਼ਦ ਸੰਸਥਾਵਾਂ ਨਾਲ ਬਦਲਣ ਦੇ ਪ੍ਰਸਤਾਵ ਵਿਰੁੱਧ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਰਗੀ ਇਤਿਹਾਸਕ ਸੰਸਥਾ ਨੂੰ ਭਗਵਾ ਕਰਨ ਦੀ ਬੇਸ਼ਰਮ ਕੋਸ਼ਿਸ਼ ਨਿੰਦਣਯੋਗ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਵੜਿੰਗ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰਨਾ ਤੇ ਇਹਨਾਂ ਦੀ ਥਾਂ ਨਾਮਜ਼ਦ ਮੈਂਬਰਾਂ ਨਾਲ ਬਦਲਣਾ ਭਾਜਪਾ ਅਤੇ ਆਰਐਸਐਸ ਵੱਲੋਂ ਸਪੱਸ਼ਟ ਤੌਰ ਤੇ ਦੇਸ਼ ਦੀ ਇੱਕ ਇਤਿਹਾਸਕ ਸੰਸਥਾ ਨੂੰ ਹਾਈਜੈਕ ਕਰਨ ਦੀ ਇੱਕ ਘਟੀਆ ਕੋਸ਼ਿਸ਼ ਹੈ। ਇਹ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਅਕਾਦਮਿਕ ਸੰਸਥਾਵਾਂ ਅਤੇ ਸੱਭਿਆਚਾਰਕ ਕੇਂਦਰਾਂ ਨੂੰ ਹੜੱਪਣ ਤੇ ਉਹਨਾਂ ਦਾ ਭਗਵਾ ਕਰਨ ਲਈ ਆਰਐਸਐਸ ਦੇ ਨਿਯਮ ਪੁਸਤਕ ਦੇ ਅਨੁਸਾਰ ਹੈ।
ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਪੰਜਾਬੀ ਇਸਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬੀ ਪਛਾਣ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਇਸਦਾ ਇਤਿਹਾਸ ਪੰਜਾਬੀ ਸੱਭਿਆਚਾਰ ਅਤੇ ਲੋਕਾਚਾਰ ਨਾਲ ਨੇੜਿਓਂ ਜੁੜਿਆ ਹੋਇਆ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਭਾਜਪਾ ਸੋਚਦੀ ਹੈ ਕਿ ਉਹ ਇਸ ਸੰਸਥਾ ਨੂੰ ਪੰਜਾਬੀਆਂ ਤੋਂ ਖੋਹ ਸਕਦੀ ਹੈ, ਤਾਂ ਇਹ ਬਹੁਤ ਗਲਤ ਹੈ। ਜਿਨ੍ਹਾਂ ਲੋਕਾਂ ਨੇ ਇਹ ਵਿਚਾਰ ਪੇਸ਼ ਕੀਤਾ ਹੈ, ਉਹ ਸਪੱਸ਼ਟ ਤੌਰ 'ਤੇ ਪੰਜਾਬੀਆਂ ਦੀ ਆਪਣੀ ਪਛਾਣ ਅਤੇ ਇਸ ਨਾਲ ਜੁੜੀਆਂ ਸੰਸਥਾਵਾਂ ਬਾਰੇ ਮਾਣ ਤੋਂ ਅਣਜਾਣ ਜਾਪਦੇ ਹਨ।
ਇੰਝ ਪ੍ਰਤੀਤ ਹੁੰਦਾ ਹੈ ਕਿ ਅਜਿਹੇ ਲੋਕ ਨਹੀਂ ਜਾਣਦੇ ਕਿ ਪੰਜਾਬੀ ਆਪਣੇ ਮਾਣ ਦੀ ਰੱਖਿਆ ਕਿਵੇਂ ਕਰਦੇ ਹਨ। ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ, ਟਿੱਪਣੀ ਕੀਤੀ ਕਿ ਬਿਹਤਰ ਹੋਵੇਗਾ ਕਿ ਅੱਗ ਨਾਲ ਨਾ ਖੇਡੋ, ਤੁਸੀਂ ਆਪਣੀਆਂ ਉਂਗਲਾਂ ਸਾੜ ਲਓਗੇ।
Get all latest content delivered to your email a few times a month.