ਤਾਜਾ ਖਬਰਾਂ
ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਡੇਂਗੂ ਅਤੇ ਵਾਇਰਲ ਬੁਖਾਰ ਨੇ ਹਾਲਾਤ ਗੰਭੀਰ ਕਰ ਦਿੱਤੇ ਹਨ। ਰਾਣੀਆ ਖੇਤਰ ਦੇ ਪਿੰਡ ਗੋਬਿੰਦਪੁਰਾ 'ਚ ਇੱਕ ਹੀ ਪਰਿਵਾਰ ਦੇ ਦੋ ਬੱਚਿਆਂ - 15 ਸਾਲਾ ਇਸ਼ਮੀਤ ਕੌਰ ਅਤੇ 12 ਸਾਲਾ ਸਹਿਜਦੀਪ ਸਿੰਘ - ਦੀ ਤਿੰਨ ਦਿਨਾਂ ਵਿੱਚ ਮੌਤ ਹੋ ਜਾਣ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੋਵੇਂ ਭੈਣ-ਭਰਾ ਕਿਸਾਨ ਸੰਦੀਪ ਸਿੰਘ ਦੇ ਬੱਚੇ ਸਨ, ਜੋ ਰਾਣੀਆ ਦੇ ਨਿੱਜੀ ਸਕੂਲ ਵਿੱਚ ਪੜ੍ਹਦੇ ਸਨ।
ਪਰਿਵਾਰ ਦਾ ਕਹਿਣਾ ਹੈ ਕਿ ਦੋਵੇਂ ਨੂੰ ਕੁਝ ਦਿਨਾਂ ਤੋਂ ਬੁਖਾਰ ਸੀ, ਜਿਸ ਲਈ ਉਹਨਾਂ ਨੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਵੀ ਕਰਵਾਇਆ। ਪਰ ਸਹਿਜਦੀਪ ਦੀ ਸਿਹਤ ਤੇਜ਼ੀ ਨਾਲ ਖਰਾਬ ਹੋਈ ਅਤੇ ਉਸ ਦੀ ਮੌਤ ਸੋਮਵਾਰ ਨੂੰ ਹੋ ਗਈ। ਬੁੱਧਵਾਰ ਨੂੰ ਭੈਣ ਇਸ਼ਮੀਤ ਦੀ ਵੀ ਹਾਲਤ ਬਿਗੜ ਗਈ ਅਤੇ ਉਸਨੇ ਵੀ ਦਮ ਤੋੜ ਦਿੱਤਾ। ਤਿੰਨ ਦਿਨਾਂ ਵਿੱਚ ਦੋ ਨੌਜਵਾਨ ਜਿੰਦਗੀਆਂ ਦੇ ਚਲੇ ਜਾਣ ਨਾਲ ਮਾਂ-ਪਿਉ ਅਤੇ ਪਿੰਡ ਵਾਸੀ ਗਹਿਰੇ ਦੁੱਖ 'ਚ ਹਨ।
ਵੀਰਵਾਰ ਨੂੰ ਦੋਵਾਂ ਭੈਣ-ਭਰਾ ਲਈ ਪਿੰਡ ਦੇ ਗੁਰਦੁਆਰੇ ਵਿੱਚ ਅੰਤਿਮ ਅਰਦਾਸ ਕੀਤੀ ਗਈ। ਅਰਦਾਸ ਦੌਰਾਨ ਪਿਤਾ ਸੰਦੀਪ ਸਿੰਘ ਰੋ ਪਏ ਤੇ ਕਹਿਣ ਲੱਗੇ - “ਮੇਰਾ ਪਰਿਵਾਰ ਤਬਾਹ ਹੋ ਗਿਆ ਹੈ, ਮੇਰੇ ਕੋਲ ਹੁਣ ਕੋਈ ਸਹਾਰਾ ਨਹੀਂ।”
ਇਸ਼ਮੀਤ, ਜੋ 11ਵੀਂ ਜਮਾਤ ਵਿੱਚ ਪੜ੍ਹਦੀ ਸੀ, ਆਪਣੇ ਛੋਟੇ ਭਰਾ ਸਹਿਜਦੀਪ ਨੂੰ ਹਰ ਰੋਜ਼ ਸਕੂਟਰੀ ‘ਤੇ ਸਕੂਲ ਲੈ ਜਾਂਦੀ ਸੀ। ਦੋਵਾਂ ਵਿਚਕਾਰ ਬਹੁਤ ਪਿਆਰ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਸਕੂਲ ਦੇ ਬੱਚਿਆਂ ਨੇ ਵੀ ਚੁੱਪੀ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਸਿਹਤ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡਿਪਟੀ ਸਿਵਲ ਸਰਜਨ ਡਾ. ਗੌਰਵ ਅਰੋੜਾ ਨੇ ਕਿਹਾ ਕਿ ਹਾਲਾਂਕਿ ਡੇਂਗੂ ਦੇ ਲੱਛਣ ਮਿਲ ਰਹੇ ਹਨ, ਪਰ ਲੈਬ ਰਿਪੋਰਟਾਂ ਦੁਆਰਾ ਇਸਦੀ ਪੁਸ਼ਟੀ ਅਜੇ ਨਹੀਂ ਹੋਈ।
Get all latest content delivered to your email a few times a month.