ਤਾਜਾ ਖਬਰਾਂ
ਸ਼ਨੀਵਾਰ ਸਵੇਰੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਲਚਲ ਮਚ ਗਈ, ਜਦੋਂ ਹਵਾਈ ਅੱਡਾ ਅਧਿਕਾਰੀਆਂ ਨੂੰ ਇੱਕ ਈਮੇਲ ਰਾਹੀਂ “ਮਨੁੱਖੀ ਬੰਬ” ਦੀ ਧਮਕੀ ਮਿਲੀ। ਇਹ ਈਮੇਲ ਸਵੇਰੇ ਕਰੀਬ 5:30 ਵਜੇ ਪ੍ਰਾਪਤ ਹੋਈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਜੇਦਾਹ ਤੋਂ ਹੈਦਰਾਬਾਦ ਆ ਰਹੀ ਇੰਡੀਗੋ ਦੀ ਉਡਾਣ 6E 68 ਵਿੱਚ “ਮਨੁੱਖੀ ਬੰਬ” ਸਵਾਰ ਹੈ।
ਈਮੇਲ ਵਿੱਚ ਇਹ ਵੀ ਲਿਖਿਆ ਸੀ ਕਿ “LTTE-ISI ਦੇ ਕਾਰਕੁਨ 1984 ਦੇ ਮਦਰਾਸ ਹਵਾਈ ਅੱਡੇ ਦੀ ਘਟਨਾ ਵਾਂਗ ਇਕ ਵੱਡਾ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਹਨ” ਅਤੇ ਚੇਤਾਵਨੀ ਦਿੱਤੀ ਗਈ ਕਿ ਜਹਾਜ਼ ਨੂੰ ਹੈਦਰਾਬਾਦ ਵਿੱਚ ਉਤਰਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਧਮਕੀ ਮਿਲਣ ਉਪਰੰਤ ਤੁਰੰਤ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ। ਬੰਬ ਧਮਕੀ ਮੁਲਾਂਕਣ ਕਮੇਟੀ (BTAC) ਨੇ ਸਵੇਰੇ 5:39 ਤੋਂ 6:22 ਵਜੇ ਤੱਕ ਇਕ ਵਰਚੁਅਲ ਮੀਟਿੰਗ ਬੁਲਾਈ, ਜਿਸ ਵਿੱਚ ਇਸ ਧਮਕੀ ਨੂੰ “ਖ਼ਾਸ ਖ਼ਤਰਾ” ਘੋਸ਼ਿਤ ਕੀਤਾ ਗਿਆ। ਇਸ ਤੋਂ ਬਾਅਦ ਸਾਵਧਾਨੀ ਵਜੋਂ ਫਲਾਈਟ ਨੂੰ ਹੈਦਰਾਬਾਦ ਦੀ ਥਾਂ ਮੁੰਬਈ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ।
ਉਡਾਣ ਸੁਰੱਖਿਅਤ ਢੰਗ ਨਾਲ ਮੁੰਬਈ ਉਤਰੀ, ਜਿੱਥੇ ਯਾਤਰੀਆਂ ਅਤੇ ਕ੍ਰਿਊ ਮੈਂਬਰਾਂ ਨੂੰ ਸੁਰੱਖਿਆ ਨਾਲ ਕੱਢ ਕੇ ਪੂਰੀ ਤਰ੍ਹਾਂ ਜਾਂਚ ਕੀਤੀ ਗਈ। GMR ਸੁਰੱਖਿਆ ਵਿਭਾਗ ਵੱਲੋਂ ਇਸ ਸਬੰਧੀ ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।
ਇੰਡੀਗੋ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਉਡਾਣ 6E 68 ਨੂੰ 1 ਨਵੰਬਰ ਨੂੰ ਮਿਲੀ ਸੁਰੱਖਿਆ ਧਮਕੀ ਦੇ ਚਲਦੇ ਰੀਰੂਟ ਕੀਤਾ ਗਿਆ ਸੀ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਇਸ ਸਮੇਂ ਸੁਰੱਖਿਆ ਏਜੰਸੀਆਂ ਧਮਕੀ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਵਿੱਚ ਜੁਟੀ ਹੋਈਆਂ ਹਨ।
Get all latest content delivered to your email a few times a month.