IMG-LOGO
ਹੋਮ ਪੰਜਾਬ: 15000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਕਰਮਚਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ...

15000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਕਰਮਚਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

Admin User - Nov 01, 2025 08:47 PM
IMG

ਚੰਡੀਗੜ੍ਹ, 1 ਨਵੰਬਰ, 2025 : 

ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਜੰਗਲਾਤ ਵਿਭਾਗ ਮਾਹਿਲਪੁਰ ਵਿੱਚ ਤਾਇਨਾਤ ਇੱਕ ਜੰਗਲਾਤ ਕਰਮਚਾਰੀ (ਫੋਰੈਸਟਰ) ਸੁਰਿੰਦਰਜੀਤ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਮੁਲਾਜ਼ਮ ਨੂੰ ਤਹਿਸੀਲ ਗੜਸ਼ੰਕਰ ਦੇ ਪਿੰਡ ਥਿੰਦਾ ਦੇ ਵਸਨੀਕ (ਸ਼ਿਕਾਇਤਕਰਤਾ) ਤੋਂ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਿਛਲੇ 10-12 ਸਾਲਾਂ ਤੋਂ ਲੱਕੜ ਦੀ ਕਟਾਈ ਦਾ ਕੰਮ ਕਰਦਾ ਹੈ। 11.10.2025 ਨੂੰ  ਸ਼ਿਕਾਇਤਕਰਤਾ ਅਤੇ ਉਸਦਾ ਸਾਥੀ ਗੁਰਵਿੰਦਰ ਸਿੰਘ ਉਰਫ਼ ਗੋਨੀ ਆਪਣਾ ਦਿਨ ਦਾ ਕੰਮ ਪੂਰਾ ਕਰਨ ਤੋਂ ਬਾਅਦ ਆਪਣੀ ਕਾਰ ‘ਚ ਸਵਾਰ ਹੋ ਕੇ ਪਿੰਡ ਥੀਦਾਨ ਵਾਪਸ ਪਹੁੰਚੇ। ਸ਼ਿਕਾਇਤਕਰਤਾ ਨੇ ਗੱਡੀ ਆਪਣੇ ਚਾਚੇ ਦੇ ਪਲਾਟ ਵਿੱਚ ਖੜ੍ਹੀ ਕਰ ਦਿੱਤੀ, ਜਦੋਂ ਕਿ ਗੁਰਵਿੰਦਰ ਸਿੰਘ ਉਰਫ਼ ਗੋਨੀ ਕਾਰ ਵਿੱਚ ਬੈਠਾ ਰਿਹਾ ਅਤੇ ਸ਼ਿਕਾਇਤਕਰਤਾ ਆਪਣਾ ਖਾਣਾ ਲੈਣ ਲਈ ਘਰ ਚਲਾ ਗਿਆ। ਲਗਭਗ ਇੱਕ ਘੰਟੇ ਬਾਅਦ ਜਦੋਂ ਉਹ ਵਾਪਸ ਆਇਆ, ਤਾਂ ਗੁਰਵਿੰਦਰ ਸਿੰਘ ਕਾਰ ਦੇ ਕੋਲ ਨਹੀਂ ਸੀ ਅਤੇ ਉਸਦੀ ਗੱਡੀ ਵਿੱਚੋਂ ਕਈ ਰੁੱਖ ਕੱਟਣ ਵਾਲੇ ਔਜ਼ਾਰ ਗਾਇਬ ਸਨ।

ਉਨ੍ਹਾਂ ਅੱਗੇ ਕਿਹਾ ਕਿ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਜੰਗਲਾਤ ਵਿਭਾਗ ਮਾਹਿਲਪੁਰ ਦਾ ਰੇਂਜ ਅਫ਼ਸਰ ਅਮਰਜੀਤ ਸਿੰਘ 3-4 ਹੋਰ ਕਰਮਚਾਰੀਆਂ ਦੇ ਨਾਲ ਇੱਕ ਸਰਕਾਰੀ ਗੱਡੀ ਵਿੱਚ ਆਇਆ ਸੀ ਅਤੇ ਉਹ ਉਸਦੇ ਰੁੱਖ ਕੱਟਣ ਵਾਲੇ ਔਜ਼ਾਰ ਲੈ ਗਏ ਹਨ ਅਤੇ ਉਸਨੂੰ ਜੰਗਲਾਤ ਵਿਭਾਗ ਦਫ਼ਤਰ ਮਾਹਿਲਪੁਰ ਵਿੱਚ ਰਿਪੋਰਟ ਕਰਨ ਲਈ ਕਿਹਾ ਹੈ।

ਇਸ ਉਪਰੰਤ ਸ਼ਿਕਾਇਤਕਰਤਾ ਸਰਪੰਚ ਦੇ ਨਾਲ ਜੰਗਲਾਤ ਵਿਭਾਗ ਦਫ਼ਤਰ ਮਾਹਿਲਪੁਰ ਗਿਆ  ਅਤੇ ਅਮਰਜੀਤ ਸਿੰਘ ਰੇਂਜ ਅਫ਼ਸਰ ਨੂੰ ਮਿਲਿਆ, ਜਿੱਥੇ ਉਸਨੂੰ ਉਕਤ ਅਧਿਕਾਰੀ ਨੇ ਕਿਹਾ ਕਿ ਉਸਦੀ ਗੱਡੀ ਵਿੱਚੋਂ ਰੁੱਖ ਕੱਟਣ ਵਾਲੇ ਔਜ਼ਾਰ ਮਿਲੇ ਹਨ ਅਤੇ ਉਸ ‘ਤੇ ਨਹਿਰੀ ਖੇਤਰ ‘ਚ ਸਰਕਾਰੀ ਰੁੱਖਾਂ ਦੀ ਚੋਰੀ ਦਾ ਦੋਸ਼ ਲਾਇਆ। ਉਕਤ ਅਧਿਕਾਰੀ ਨੇ ਸ਼ਿਕਾਇਤਕਰਤਾ ਨੂੰ ਅੱਗੇ ਕਿਹਾ ਕਿ ਸਰਕਾਰੀ ਰੁੱਖਾਂ ਦੀ ਕਥਿਤ ਚੋਰੀ ਲਈ ਉਸਨੂੰ 1,23,000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਰੁੱਖਾਂ ਨੂੰ ਕਾਨੂੰਨੀ ਤੌਰ 'ਤੇ ਖਰੀਦਣ ਤੋਂ ਬਾਅਦ ਹੀ ਕੱਟਿਦਾ ਹੈ। ਰੇਂਜ ਅਫ਼ਸਰ ਅਮਰਜੀਤ ਸਿੰਘ ਨੇ ਸ਼ਿਕਾਇਤਕਰਤਾ ਦੇ ਜ਼ਬਤ ਕੀਤੇ ਰੁੱਖ ਕੱਟਣ ਵਾਲੇ ਔਜ਼ਾਰਾਂ ਨੂੰ ਵਾਪਸ ਕਰਨ ਲਈ 31,000 ਰੁਪਏ ਦੀ ਰਿਸ਼ਵਤ ਮੰਗੀ। ਸ਼ਿਕਾਇਤਕਰਤਾ ਨੇ ਪੂਰੀ ਰਕਮ ਦੇਣ ਵਿੱਚ ਅਸਮਰੱਥਾ ਪ੍ਰਗਟਾਈ ਅਤੇ 2,000 ਰੁਪਏ ਦੇਣ ਦੀ ਪੇਸ਼ਕਸ਼ ਕੀਤੀ, ਜਿਸ ਉਪਰੰਤ ਅਮਰਜੀਤ ਸਿੰਘ ਨੇ ਉਸਨੂੰ ਇਹ ਰਕਮ ਫੋਰੈਸਟਰ ਸੁਰਿੰਦਰਜੀਤ ਪਾਲ ਨੂੰ ਸੌਂਪਣ ਲਈ ਕਿਹਾ। ਸ਼ਿਕਾਇਤਕਰਤਾ ਨੇ ਪਿੰਡ ਦੇ ਸਰਪੰਚ ਦੀ ਮੌਜੂਦਗੀ ਵਿੱਚ ਫੋਰੈਸਟਰ ਸੁਰਿੰਦਰਜੀਤ ਪਾਲ ਨੂੰ 2000 ਰੁਪਏ ਦਿੱਤੇ ਅਤੇ ਬਾਕੀ ਰਿਸ਼ਵਤ ਲਈ 17.10.2025 ਤਾਰੀਖ਼ ਤੈਅ ਕੀਤੀ ਗਈ।

ਇਸ ਤੋਂ ਬਾਅਦ ਸਿ਼ਕਾਇਤਕਰਤਾ ਦੁਬਾਰਾ ਜੰਗਲਾਤ ਵਿਭਾਗ ਦਫ਼ਤਰ, ਮਾਹਿਲਪੁਰ ਗਿਆ, ਜਿੱਥੇ ਅਮਰਜੀਤ ਸਿੰਘ ਅਤੇ ਸੁਰਿੰਦਰਜੀਤ ਪਾਲ ਨੇ 10,000 ਰੁਪਏ ਦੀ ਇੱਕ ਹੋਰ ਕਿਸ਼ਤ ਦੀ ਮੰਗ ਕੀਤੀ, ਜੋ ਸਿ਼ਕਾਇਤਕਰਤਾ ਨੇ ਫੋਰੈਸਟਰ ਸੁਰਿੰਦਰਜੀਤ ਪਾਲ ਨੂੰ ਅਦਾ ਕੀਤੀ ਅਤੇ 29.10.2025 ਨੂੰ ਰਿਸ਼ਵਤ ਦੀ ਬਕਾਇਆ ਰਕਮ ਅਦਾ ਕਰਨ ਲਈ ਇਕਰਾਰ ਕੀਤਾ ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਿ਼ਕਾਇਤਕਰਤਾ ਪੈਸੇ ਦਾ ਪ੍ਰਬੰਧ ਨਹੀਂ ਕਰ ਸਕਿਆ ਅਤੇ ਉਸ ਮਿਤੀ ਨੂੰ ਦਫ਼ਤਰ ਨਹੀਂ ਪਹੁੰਚਿਆ। ਬਾਅਦ ਵਿੱਚ ਸਿ਼ਕਾਇਤਕਰਤਾ ਨੂੰ ਫੋਰੈਸਟਰ ਸੁਰਿੰਦਰਜੀਤ ਪਾਲ ਦਾ ਫ਼ੋਨ ਆਇਆ, ਜਿਸਨੇ ਫਿਰ ਬਾਕੀ ਰਿਸ਼ਵਤ ਦੀ ਰਕਮ ਦੀ ਮੰਗ ਕੀਤੀ। ਸਿ਼ਕਾਇਤਕਰਤਾ ਨੇ ਕਿਹਾ ਕਿ ਉਹ ਸਿਰਫ਼ 15,000 ਦਾ ਪ੍ਰਬੰਧ ਕਰ ਸਕਦਾ ਹੈ ਜਿਸ `ਤੇ ਸੁਰਿੰਦਰਜੀਤ ਪਾਲ ਸਹਿਮਤ ਹੋ ਗਿਆ ਅਤੇ ਉਸ ਨੂੰ ਆਉਣ ਲਈ ਕਿਹਾ। ਸਿ਼ਕਾਇਤਕਰਤਾ ਨੇ ਇਸ ਗੱਲਬਾਤ ਨੂੰ ਸਬੂਤ ਵਜੋਂ ਰਿਕਾਰਡ ਕਰ ਲਿਆ।

ਸਿ਼ਕਾਇਤਕਰਤਾ ਵੱਲੋਂ ਦਿੱਤੀ ਜਾਣਕਾਰੀ `ਤੇ ਕਾਰਵਾਈ ਕਰਦੇ ਹੋਏ, ਵਿਜੀਲੈਂਸ ਬਿਊਰੋ ਨੇ ਅਮਰਜੀਤ ਸਿੰਘ, ਰੇਂਜ ਅਫਸਰ ਅਤੇ ਸੁਰਿੰਦਰਜੀਤ ਪਾਲ, ਫਾਰੈਸਟਰ, ਜੰਗਲਾਤ ਵਿਭਾਗ, ਮਾਹਿਲਪੁਰ ਵਿਰੁੱਧ ਕੇਸ ਦਰਜ ਕੀਤਾ।

ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ, ਜਲੰਧਰ ਰੇਂਜ ਦੀ ਵਿਜੀਲੈਂਸ ਬਿਊਰੋ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸਿ਼ਕਾਇਤਕਰਤਾ ਤੋਂ 15000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸੁਰਿੰਦਰਜੀਤ ਪਾਲ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਪੁਲਿਸ ਥਾਣਾ, ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਮੁਲਜ਼ਮ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਂਚ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.