ਤਾਜਾ ਖਬਰਾਂ
                
ਕਣਕ ਦੀ ਬਿਜਾਈ ਦੇ ਸੀਜ਼ਨ ਦੌਰਾਨ ਡੀਏਪੀ ਖਾਦ ਦੀ ਘਾਟ ਨੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਕਿਸਾਨਾਂ ਦੀਆਂ ਜਰੂਰਤਾਂ ਪ੍ਰਤੀ ਬੇਪਰਵਾਹ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਨੂੰ ਡੀਏਪੀ ਖਾਦ ਮਿਲ ਰਹੀ ਹੈ, ਉਨ੍ਹਾਂ ਨਾਲ ਵਾਧੂ ਸਮਾਨ ਜਿਵੇਂ ਸਲਫਰ ਜਾਂ ਨੈਨੋ ਯੂਰੀਆ ਜ਼ਬਰਦਸਤੀ ਲਗਾ ਕੇ ਵੇਚਿਆ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਦੀ ਲੁੱਟ ਹੋ ਰਹੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਨੂੰ ਕੁੱਲ 23 ਹਜ਼ਾਰ 741 ਮੀਟਰਿਕ ਟਨ ਡੀਏਪੀ ਦੀ ਲੋੜ ਹੈ, ਪਰ ਹੁਣ ਤੱਕ ਸਿਰਫ 12 ਹਜ਼ਾਰ 590 ਮੀਟਰਿਕ ਟਨ ਖਾਦ ਹੀ ਪਹੁੰਚੀ ਹੈ। ਇਸ ਕਰਕੇ ਲਗਭਗ 11 ਹਜ਼ਾਰ ਮੀਟਰਿਕ ਟਨ ਦੀ ਘਾਟ ਬਣੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਤੱਕ ਕੇਵਲ ਦੋ ਹੀ ਡੀਏਪੀ ਦੇ ਰੈਕ ਆਏ ਹਨ, ਜਦਕਿ ਮੰਗ ਪੂਰੀ ਕਰਨ ਲਈ ਘੱਟੋ-ਘੱਟ 10 ਹੋਰ ਰੈਕ ਤੁਰੰਤ ਲੱਗਣੇ ਲਾਜ਼ਮੀ ਹਨ ਤਾਂ ਜੋ ਕਿਸਾਨਾਂ ਨੂੰ ਬਿਜਾਈ ਸਮੇਂ ਖਾਦ ਦੀ ਕਮੀ ਨਾ ਝੱਲਣੀ ਪਵੇ।
ਉਨ੍ਹਾਂ ਨੇ ਯਾਦ ਦਿਵਾਇਆ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ 15 ਨਵੰਬਰ ਤੱਕ ਕਣਕ ਦੀ ਬਿਜਾਈ ਦਾ ਸਮਾਂ ਢੁਕਵਾਂ ਦੱਸਿਆ ਗਿਆ ਹੈ, ਪਰ ਡੀਏਪੀ ਦੀ ਘਾਟ ਕਾਰਨ ਕਿਸਾਨ ਇਸ ਸਮੇਂ-ਸੀਮਾ ਅੰਦਰ ਬਿਜਾਈ ਨਹੀਂ ਕਰ ਸਕਦੇ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਤੁਰੰਤ ਖਾਦ ਦੀ ਸਪਲਾਈ ਸੁਚਾਰੂ ਕਰਨੀ ਚਾਹੀਦੀ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਕਣਕ ਦੀ ਉਤਪਾਦਕਤਾ ‘ਤੇ ਵੀ ਗੰਭੀਰ ਅਸਰ ਪੈ ਸਕਦਾ ਹੈ।
ਧਰਨੇ ਦੌਰਾਨ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਣ ਦਾ ਐਲਾਨ ਕੀਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਡੀਏਪੀ ਖਾਦ ਦੀ ਘਾਟ ਪੂਰੀ ਕਰਨ ਲਈ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸੂਬਾ ਪੱਧਰ ‘ਤੇ ਵੱਡਾ ਆੰਦੋਲਨ ਚਲਾਇਆ ਜਾਵੇਗਾ।
                
            Get all latest content delivered to your email a few times a month.