ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜ਼ਿਲ੍ਹਾ ਪਠਾਨਕੋਟ ਵਿਖੇ ਬਣੇ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ਦਾ ਰਸਮੀ ਉਦਘਾਟਨ ਕਰਕੇ ਇਸਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਜਨਤਾ ਨੂੰ ਸਮਰਪਿਤ ਕੀਤਾ। ਤਿੰਨ ਦਹਾਕਿਆਂ ਦੀ ਲੰਬੀ ਉਡੀਕ ਤੋਂ ਬਾਅਦ ਤਿਆਰ ਹੋਏ ਇਸ ਪ੍ਰੋਜੈਕਟ ਨਾਲ ਸੂਬੇ ਦੇ ਖੇਤੀਬਾੜੀ ਖੇਤਰ, ਬਿਜਲੀ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿੱਚ ਕ੍ਰਾਂਤੀਕਾਰੀ ਬਦਲਾਅ ਆਉਣ ਦੀ ਉਮੀਦ ਹੈ। ਮੁੱਖ ਮੰਤਰੀ ਨੇ ਇਸ ਮੌਕੇ ਤੇ ਕਿਹਾ ਕਿ ਸ਼ਾਹਪੁਰ ਕੰਡੀ ਡੈਮ ਮਾਝੇ ਖੇਤਰ ਲਈ ਜੀਵਨ ਰੇਖਾ ਸਾਬਤ ਹੋਵੇਗਾ, ਜੋ ਪਾਣੀ ਦੀ ਕਮੀ ਦਾ ਸਥਾਈ ਹੱਲ ਮੁਹੱਈਆ ਕਰੇਗਾ।
ਇਹ ਮਹੱਤਵਪੂਰਨ ਪ੍ਰੋਜੈਕਟ ਰਣਜੀਤ ਸਾਗਰ ਡੈਮ ਦੀ ਸਹਾਇਕ ਯੂਨਿਟ ਵਜੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਦੀ ਬਿਜਲੀ ਉਤਪਾਦਨ ਸਮਰੱਥਾ 206 ਮੈਗਾਵਾਟ ਹੈ। ਡੈਮ ਦੇ ਪੂਰਾ ਹੋਣ ਨਾਲ ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ ਨੂੰ ਵੀ ਬਹੁਤ ਫਾਇਦਾ ਹੋਵੇਗਾ — ਇਸ ਤੋਂ ਜੰਮੂ-ਕਸ਼ਮੀਰ ਦੀ ਲਗਭਗ 32 ਹਜ਼ਾਰ ਹੈਕਟੀਅਰ ਤੇ ਪੰਜਾਬ ਦੀ 5 ਹਜ਼ਾਰ ਹੈਕਟੀਅਰ ਜ਼ਮੀਨ ਨੂੰ ਸਿੰਚਾਈ ਦਾ ਪਾਣੀ ਪ੍ਰਾਪਤ ਹੋਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਰਾਵੀ ਦਰਿਆ ਦਾ ਉਹ ਪਾਣੀ ਜੋ ਪਹਿਲਾਂ ਪਾਕਿਸਤਾਨ ਵੱਲ ਵਗ ਜਾਂਦਾ ਸੀ, ਪੰਜਾਬ ਦੇ ਕਿਸਾਨਾਂ ਦੀ ਖੇਤੀ ਲਈ ਵਰਤਿਆ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਡੈਮ ਸਿਰਫ਼ ਬਿਜਲੀ ਤੇ ਸਿੰਚਾਈ ਦਾ ਸਰੋਤ ਨਹੀਂ, ਸਗੋਂ ਹੜ੍ਹ ਦੀ ਸਮੱਸਿਆ ਨੂੰ ਘਟਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਸ਼ਾਹਪੁਰ ਕੰਡੀ ਖੇਤਰ ਨੂੰ ਵਿਸ਼ਵ ਪੱਧਰੀ ਟੂਰਿਸਟ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ, ਜਿਸ ਨਾਲ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਦਿੱਤਾ ਇੱਕ ਇਤਿਹਾਸਕ ਤੋਹਫ਼ਾ ਹੈ, ਜੋ ਸੂਬੇ ਦੇ ਆਰਥਿਕ, ਖੇਤੀਬਾੜੀ ਅਤੇ ਊਰਜਾ ਖੇਤਰ ਵਿੱਚ ਨਵੀਂ ਦਿਸ਼ਾ ਸੈੱਟ ਕਰੇਗਾ। ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਪੰਜਾਬ ਦੇ ਵਿਕਾਸ ਯਾਤਰਾ ਦਾ ਨਵਾਂ ਮੀਲ ਪੱਥਰ ਦੱਸਦਿਆਂ ਕਿਹਾ ਕਿ ਇਹ ਸੂਬੇ ਦੀ ਖੁਸ਼ਹਾਲੀ ਵੱਲ ਵਧਦੇ ਕਦਮਾਂ ਦੀ ਮਜ਼ਬੂਤ ਨਿਸ਼ਾਨੀ ਹੈ।
Get all latest content delivered to your email a few times a month.