ਤਾਜਾ ਖਬਰਾਂ
ਫਰੀਦਕੋਟ ਸ਼ਹਿਰ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਨਗਰ ਕੌਂਸਲਰ ਵਿਜੈ ਛਾਬੜਾ ਨੇ ਸਿਟੀ ਕੋਤਵਾਲੀ ਪੁਲਿਸ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ। ਧਰਨੇ ਦੀ ਸ਼ੁਰੂਆਤ ਇੱਕ ਸਕੂਟੀ ਚੋਰੀ ਦੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਕੀਤੀ ਗਈ ਲਾਪਰਵਾਹੀ ਕਾਰਨ ਹੋਈ।
ਮਿਲੀ ਜਾਣਕਾਰੀ ਅਨੁਸਾਰ, ਵਿਜੈ ਛਾਬੜਾ ਆਪਣੇ ਇਲਾਕੇ ਦੇ ਇੱਕ ਨਿਵਾਸੀ ਦੀ ਸਕੂਟੀ ਚੋਰੀ ਹੋਣ ਦੀ ਸ਼ਿਕਾਇਤ ਲੈ ਕੇ ਪੁਲਿਸ ਥਾਣੇ ਗਏ ਸਨ। ਉਨ੍ਹਾਂ ਦੇ ਦੋਸ਼ਾਂ ਮੁਤਾਬਕ, ਥਾਣੇ ਦੇ ਐਸਐਚਓ ਸੰਜੀਵ ਕੁਮਾਰ ਨੇ ਨਾ ਸਿਰਫ਼ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕੀਤਾ, ਸਗੋਂ ਉਨ੍ਹਾਂ ਨਾਲ ਅਪਮਾਨਜਨਕ ਭਾਸ਼ਾ ਵੀ ਵਰਤੀ।
ਇਸ ਨਾਲ ਨਾਰਾਜ਼ ਹੋ ਕੇ ਕੌਂਸਲਰ ਛਾਬੜਾ ਨੇ ਥਾਣੇ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਦੀ ਖ਼ਬਰ ਮਿਲਦੇ ਹੀ ਸ਼ਹਿਰ ਦੇ ਕਈ ਨਾਗਰਿਕ ਤੇ ਸਮਰਥਕ ਉਥੇ ਇਕੱਠੇ ਹੋ ਗਏ, ਜਿਸ ਕਾਰਨ ਹਾਲਾਤ ਤਣਾਅਪੂਰਨ ਹੋ ਗਏ। ਸਥਿਤੀ ਨੂੰ ਕਾਬੂ ਕਰਨ ਲਈ ਡੀਐਸਪੀ ਤਰਲੋਚਣ ਸਿੰਘ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਤੇ ਤੁਰੰਤ ਚੋਰੀ ਦਾ ਕੇਸ ਦਰਜ ਕਰਨ ਦਾ ਭਰੋਸਾ ਦਿੱਤਾ।
ਡੀਐਸਪੀ ਦੇ ਦਖ਼ਲ ਤੋਂ ਬਾਅਦ ਐਸਐਚਓ ਸੰਜੀਵ ਕੁਮਾਰ ਨੇ ਵੀ ਆਪਣੇ ਵਿਵਹਾਰ ਲਈ ਕੌਂਸਲਰ ਤੋਂ ਮਾਫ਼ੀ ਮੰਗੀ। ਇਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।
ਧਰਨੇ ਦੌਰਾਨ ਕੌਂਸਲਰ ਵਿਜੈ ਛਾਬੜਾ ਨੇ ਆਮ ਆਦਮੀ ਪਾਰਟੀ ਪ੍ਰਤੀ ਨਾਰਾਜ਼ਗੀ ਵੀ ਜਤਾਈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਕੋਈ ਵੀ ਆਗੂ ਜਾਂ ਵਰਕਰ ਉਨ੍ਹਾਂ ਦੇ ਸਹਿਯੋਗ ਲਈ ਨਹੀਂ ਪਹੁੰਚਿਆ। ਇਸ ਗੱਲ ਤੋਂ ਖ਼ਫ਼ਾ ਹੋ ਕੇ ਉਨ੍ਹਾਂ ਨੇ ਧਰਨੇ ਦੌਰਾਨ ਹੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ।
ਡੀਐਸਪੀ ਤਰਲੋਚਣ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਕੂਟੀ ਚੋਰੀ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਨ ਵਿੱਚ ਥੋੜੀ ਦੇਰੀ ਹੋਈ ਸੀ ਪਰ ਹੁਣ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਅਗਲੇ ਸਮੇਂ ਇਸ ਤਰ੍ਹਾਂ ਦੀ ਲਾਪਰਵਾਹੀ ਨਹੀਂ ਹੋਵੇਗੀ।
Get all latest content delivered to your email a few times a month.