ਤਾਜਾ ਖਬਰਾਂ
ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਪ੍ਰਚਾਰ ਮੁਹਿੰਮ ਦੌਰਾਨ ਪੰਜਾਬ ਕਾਂਗਰਸ ਬੈਨਰ ਵਿਵਾਦ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ 'ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੀਆਂ ਤਸਵੀਰਾਂ ਦੇ ਨਿਰਾਦਰ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ।
ਸੁਖਬੀਰ ਸਿੰਘ ਬਾਦਲ ਨੇ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਾਂਗਰਸ ਤੋਂ ਸਮੁੱਚੇ ਸਿੱਖ ਪੰਥ ਤੋਂ ਬਿਨਾਂ ਸ਼ਰਤ ਮਾਫ਼ੀ ਮੰਗਣ ਲਈ ਕਿਹਾ ਹੈ।
ਗੁਰੂ ਸਾਹਿਬਾਨ ਦੀਆਂ ਤਸਵੀਰਾਂ ਤੋਂ ਉੱਪਰ ਲੱਗੀਆਂ ਆਗੂਆਂ ਦੀਆਂ ਫੋਟੋਆਂ
ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਾਂਗਰਸ ਦੇ ਚੋਣ ਪ੍ਰਚਾਰ ਲਈ ਲਗਾਈ ਗਈ ਸਟੇਜ ਦੇ ਬੈਨਰ ਦੀ ਇੱਕ ਤਸਵੀਰ ਸਾਂਝੀ ਕੀਤੀ। ਤਸਵੀਰ ਵਿੱਚ ਕਾਂਗਰਸ ਨੇ ਆਪਣੇ ਕੌਮੀ ਆਗੂਆਂ ਜਿਵੇਂ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਸਮੇਤ ਸੂਬਾਈ ਆਗੂਆਂ ਦੀਆਂ ਫੋਟੋਆਂ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ ਜੀ ਦੀਆਂ ਤਸਵੀਰਾਂ ਤੋਂ ਉੱਪਰ ਲਗਾ ਰੱਖੀਆਂ ਹਨ।
ਬਾਦਲ ਨੇ ਆਪਣੀ ਪੋਸਟ ਵਿੱਚ ਇਸ ਨੂੰ 'ਬੱਜਰ ਗੁਨਾਹ' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਦਾ ਕਥਿਤ ਅਪਮਾਨ ਕੀਤਾ ਗਿਆ ਅਤੇ ਹੁਣ ਗੁਰੂ ਸਾਹਿਬਾਨ ਦਾ ਨਿਰਾਦਰ ਕੀਤਾ ਗਿਆ ਹੈ, ਜਿਸ ਕਾਰਨ ਸਿੱਖ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ।
ਅਕਾਲੀ ਦਲ ਚੋਣ ਕਮਿਸ਼ਨ ਅਤੇ ਅਕਾਲ ਤਖ਼ਤ ਸਾਹਿਬ ਕੋਲ ਜਾਵੇਗਾ
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ ਪਾਰਟੀ ਇਸ ਅਪਮਾਨਜਨਕ ਕਾਰਵਾਈ ਸਬੰਧੀ ਚੋਣ ਕਮਿਸ਼ਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਏਗੀ।
ਡਾ. ਚੀਮਾ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਨੇ ਧਾਰਮਿਕ ਮੁੱਦਿਆਂ 'ਤੇ ਸੰਵੇਦਨਸ਼ੀਲਤਾ ਨਹੀਂ ਦਿਖਾਈ। ਉਨ੍ਹਾਂ ਨੇ ਕਾਂਗਰਸ 'ਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਆਗੂਆਂ ਵੱਲੋਂ ਕੀਤੀਆਂ ਅਪਮਾਨਜਨਕ ਟਿੱਪਣੀਆਂ ਨੂੰ ਲੁਕਾਉਣ ਲਈ ਇਹੋ ਜਿਹੇ ਪੋਸਟਰ ਲਗਾਏ ਗਏ ਹਨ, ਜੋ ਸਿੱਧੇ ਤੌਰ 'ਤੇ ਗੁਰੂ ਸਾਹਿਬਾਨ ਦਾ ਨਿਰਾਦਰ ਕਰਦੇ ਹਨ।
Get all latest content delivered to your email a few times a month.